ਚੀਨ ''ਚ ਸਿਰਫ 45 ਯੂਨੀਵਰਸਿਟੀਆਂ ''ਚ ਅੰਗ੍ਰੇਜ਼ੀ ''ਚ ਹੋਵੇਗੀ MBBS ਦੀ ਪੜਾਈ
Tuesday, Oct 08, 2019 - 02:17 AM (IST)

ਬੀਜ਼ਿੰਗ - ਚੀਨ 'ਚ ਡਾਕਟਰੀ ਦੀ ਪੜਾਈ ਲਈ ਰਿਕਾਰਡ ਗਿਣਤੀ 'ਚ ਭਾਰਤ ਤੋਂ ਵਿਦਿਆਰਥੀ ਆ ਰਹੇ ਹਨ। ਇਸ ਵਿਚਾਲੇ, ਦੇਸ਼ ਦੇ ਸਿੱਖਿਆ ਮੰਤਰਾਲੇ ਨੇ 200 ਤੋਂ ਜ਼ਿਆਦਾ ਯੂਨੀਵਰਸਿਟੀਆਂ 'ਚੋਂ ਸਿਰਫ 45 ਸਥਾਨਕ ਮੈਡੀਕਲ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ 'ਚ ਐੱਮ. ਬੀ. ਬੀ. ਐੱਸ. ਦੀ ਪੜਾਈ ਲਈ ਦਾਖਿਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਚੀਨ ਦੀਆਂ ਯੂਨੀਵਰਸਿਟੀਆਂ 'ਚ ਡਾਕਟਰੀ ਦੀ ਪੜਾਈ ਲਈ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਵਿਦਿਆਰਥੀ ਦਾਖਿਲਾ ਲੈਂਦੇ ਹਨ।
ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੀ ਤੁਲਨਾ 'ਚ ਚੀਨ 'ਚ ਪੜਾਈ ਦਾ ਖਰਚਾ ਘੱਟ ਹੋਣ ਕਾਰਨ ਖਾਸ ਕਰਕੇ ਭਾਰਤ ਅਤੇ ਏਸ਼ੀਆਈ ਦੇਸ਼ਾਂ ਦੇ ਵਿਦੇਸ਼ੀ ਵਿਦਿਆਰਥੀ ਇਥੇ ਆਉਂਦੇ ਹਨ। ਵਰਤਮਾਨ 'ਚ 23 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ 'ਚ ਵੱਖ-ਵੱਖ ਵਿਸ਼ਿਆਂ ਦੀ ਪੜਾਈ ਕਰ ਰਹੇ ਹਨ। ਪਾਕਿਸਤਾਨ ਦੇ 28 ਹਜ਼ਾਰ ਵਿਦਿਆਰਥੀ ਪੜਾਈ ਕਰ ਰਹੇ ਹਨ। ਕੁਲ ਮਿਲਾ ਕੇ 5 ਲੱਖ ਵਿਦੇਸ਼ੀ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ 'ਚ ਪੜਾਈ ਕਰ ਰਹੇ ਹਨ। ਭਾਰਤ ਦੇ ਕੁਲ 23 ਹਜ਼ਾਰ ਵਿਦਿਆਰਥੀਆਂ 'ਚੋਂ 21 ਹਜ਼ਾਰ ਵਿਦਿਆਰਥੀਆਂ ਨੇ ਐੱਮ. ਬੀ. ਬੀ. ਐੱਸ. 'ਚ ਦਾਖਿਲਾ ਲਿਆ ਹੈ। ਜੋ ਇਕ ਰਿਕਾਰਡ ਹੈ।
ਚੀਨ ਦੇ ਮੈਡੀਕਲ ਕੋਰਸਾਂ 'ਚ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਰੂਚੀ ਨੂੰ ਦੇਖਦੇ ਹੋਏ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਆਖਿਆ ਕਿ ਚੀਨੀ ਸਿੱਖਿਆ ਮੰਤਰਾਲੇ ਨੇ 45 ਮੈਡੀਕਲ ਕਾਲਜਾਂ ਨੂੰ ਹੀ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ 'ਚ ਐੱਮ. ਬੀ. ਬੀ. ਐੱਸ. ਦੀ ਪੜਾਈ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਦੂਤਘਰ ਨੇ ਆਖਿਆ ਕਿ ਚੀਨੀ ਸਿੱਖਿਆ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 45 ਯੂਨੀਵਰਸਿਟੀਆਂ ਦੀ ਲਿਸਟ 'ਚ ਜੋ ਯੂਨੀਵਰਸਿਟੀਆਂ ਸ਼ਾਮਲ ਨਹੀਂ ਹਨ ਉਨ੍ਹਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. 'ਚ ਦਾਖਲਾ ਨਹੀਂ ਦੇਣਾ ਚਾਹੀਦਾ। ਬਿਆਨ 'ਚ ਆਖਿਆ ਗਿਆ ਹੈ ਕਿ ਚੀਨੀ ਸਿੱਖਿਆ ਮੰਤਰਾਲੇ ਨੇ ਸਾਫ ਆਖਿਆ ਹੈ ਕਿ ਅੰਗ੍ਰੇਜ਼ੀ/ਚੀਨੀ ਭਾਸ਼ਾ ਦੇ ਤਹਿਤ ਐੱਮ. ਬੀ. ਬੀ. ਐੱਸ. ਦੀ ਪੜਾਈ ਵਰਜਿਤ ਹੈ। ਸਿੱਖਿਆ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਯੂਨੀਵਰਸਿਟੀਆਂ ਦੀ ਲਿਸਟ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ ਅਤੇ ਸਮੇਂ-ਸਮੇਂ 'ਤੇ ਇਸ ਨੂੰ ਅਪਡੇਟ ਕੀਤੀ ਜਾਵੇਗੀ।