ਪਾਕਿਸਤਾਨ ''ਚ ਆਤਮਘਾਤੀ ਹਮਲੇ ''ਚ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਹੋਰ ਜ਼ਖਮੀ
Monday, Mar 03, 2025 - 10:36 PM (IST)

ਕਵੇਟਾ (ਏਪੀ) : ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਇੱਕ ਮਹਿਲਾ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇੱਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਹਮਲਾ ਅਰਧ ਸੈਨਿਕ ਗਸ਼ਤੀ ਟੀਮ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਿਸੇ ਔਰਤ ਵੱਲੋਂ ਆਤਮਘਾਤੀ ਹਮਲਾ ਕੀਤਾ ਗਿਆ ਹੋਵੇ। ਇਹ ਹਮਲਾ ਸੋਮਵਾਰ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਤੋਂ ਲਗਭਗ 170 ਕਿਲੋਮੀਟਰ (105 ਮੀਲ) ਦੱਖਣ-ਪੱਛਮ 'ਚ ਕਲਾਤ ਵਿੱਚ ਹੋਇਆ। ਘਟਨਾ ਵਾਲੀ ਥਾਂ ਤੋਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਫਰੰਟੀਅਰ ਕੋਰ ਦਾ ਇੱਕ ਸੜਿਆ ਹੋਇਆ ਵਾਹਨ ਦਿਖਾਈ ਦੇ ਰਿਹਾ ਹੈ। ਇਸ ਹਮਲੇ 'ਚ ਗੱਡੀ ਦੇ ਦਰਵਾਜ਼ੇ ਵੀ ਉੱਡ ਗਏ।
ਕਲਾਤ ਦੇ ਪੁਲਸ ਅਧਿਕਾਰੀ ਹਬੀਬੁੱਲਾ ਨੇ ਕਿਹਾ ਕਿ ਧਮਾਕੇ 'ਚ ਡਰਾਈਵਰ ਦੀ ਮੌਤ ਹੋ ਗਈ ਤੇ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਹਬੀਬੁੱਲਾ ਨੇ ਕਿਹਾ ਕਿ ਹਮਲਾਵਰ ਦੇ ਸਰੀਰ ਦੇ ਅੰਗ ਮੌਕੇ ਤੋਂ ਬਰਾਮਦ ਕਰ ਲਏ ਗਏ ਹਨ। ਕਿਸੇ ਵੀ ਅੱਤਵਾਦੀ ਸਮੂਹ ਨੇ ਤੁਰੰਤ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ 'ਤੇ ਇਸ ਹਮਲੇ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਇਹ ਸੰਗਠਨ ਦੇਸ਼ ਦੀ ਸਰਕਾਰ ਵਿਰੁੱਧ ਬਗਾਵਤ ਕਰ ਰਿਹਾ ਹੈ ਤੇ ਆਜ਼ਾਦੀ ਚਾਹੁੰਦਾ ਹੈ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਇਸ ਸਮੂਹ ਵਿੱਚ ਲਗਭਗ 3,000 ਲੜਾਕੂ ਹਨ। ਪਾਕਿਸਤਾਨ ਅਤੇ ਅਮਰੀਕਾ ਨੇ ਇਸਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ।