ਚੀਨ ’ਚ ਬਰਫ਼ੀਲੇ ਤੂਫ਼ਾਨ ਨਾਲ 1 ਵਿਅਕਤੀ ਦੀ ਮੌਤ, ਸਕੂਲਾਂ ਨੂੰ ਕੀਤਾ ਗਿਆ ਬੰਦ
Wednesday, Nov 10, 2021 - 04:30 PM (IST)
ਬੀਜਿੰਗ (ਭਾਸ਼ਾ) : ਉਤਰ-ਪੂਰਬੀ ਚੀਨ ਵਿਚ ਕਈ ਦਿਨਾਂ ਤੋਂ ਜਾਰੀ ਬਰਫ਼ੀਲੇ ਤੂਫ਼ਾਨ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਤੂਫ਼ਾਨ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਲਿਓਨਿੰਗ ਸੂਬੇ ਅਤੇ ਚੀਨ ਦੇ ਅੰਦਰੂਨੀ ਮੰਗੋਲੀਆ ਖੇਤਰ ਦੇ ਕੁੱਝ ਸ਼ਹਿਰਾਂ ਵਿਚ 50 ਸੈਂਟੀਮੀਟਰ (20 ਇੰਚ) ਤੋਂ ਜ਼ਿਆਦਾ ਬਰਫ਼ਬਾਰੀ ਦਰਜ ਕੀਤੀ ਗਈ।
ਚੀਨ ਦੀ ਸਰਕਾਰੀ ਮੀਡੀਆ ਨੇ ਕਿਹਾ ਕਿ ਅੰਦੂਰਨੀ ਮੰਗੋਲੀਆ ਦੇ ਇਕ ਸ਼ਹਿਰ ਤੋਂਗਲਿਆਓ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਪਰ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸ਼ਹਿਰ ਵਿਚ 46 ਘੰਟੇ ਤੱਕ ਬਰਫ਼ਬਾਰੀ ਹੋਈ, ਜੋ 1951 ਦੇ ਬਾਅਦ ਬਰਫ਼ਬਾਰੀ ਹੋਣ ਦੀ ਸਭ ਤੋਂ ਲੰਬੀ ਮਿਆਦ ਹੈ। ਅਧਿਕਾਰੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਜਿਲਿਨ ਸੂਬੇ ਵਿਚ ਹਾਈਵੇ ਦੇ ਖੇਤਰਾਂ ਵਿਚ ਰਾਤ ਭਰ ਵਿਚ ਲੱਗਭਗ 1000 ਲੋਕ ਫਸ ਗਏ। ਕੁੱਝ ਹਾਈਵੇ ਬੰਦ ਕਰ ਦਿੱਤੇ ਗਏ ਹਨ ਅਤੇ ਸੂਬੇ ਵਿਚ ਟਰੇਨ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ।