ਟੈਕਸਾਸ ''ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ, 13 ਜਖ਼ਮੀ
Monday, Dec 13, 2021 - 09:14 PM (IST)
ਬੇਟਾਉਨ (ਅਮਰੀਕਾ) - ਅਮਰੀਕਾ ਵਿੱਚ ਹਿਊਸਟਨ ਨੇੜੇ ਤਿਉਹਾਰ ਦੇ ਚੱਲ ਰਹੇ ਇਕੱਠ 'ਚ ਐਤਵਾਰ ਰਾਤ ਨੂੰ ਗੋਲੀਬਾਰੀ ਦੀ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਦੱਸਿਆ ਕਿ ਗੋਲੀਬਾਰੀ ਸ਼ਾਮ 6.40 ਵਜੇ ਦੇ ਕਰੀਬ ਹੋਈ ਜਦੋਂ ਬੇਟਾਊਨ ਦੇ ਨੌਰਥ ਮਾਰਕਿਟ ਲੂਪ ਨੇੜੇ 50 ਲੋਕਾਂ ਦਾ ਇੱਕ ਸਮੂਹ ਜਸ਼ਨ ਮਨਾਉਣ ਲਈ ਇਕੱਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਲੋਕ ਜਸ਼ਨ ਮਨਾ ਰਹੇ ਸਨ ਅਤੇ ਹਵਾ ਵਿੱਚ ਗੁੱਬਾਰੇ ਛੱਡ ਹੀ ਰਹੇ ਸਨ ਕਿ ਉੱਥੇ ਇੱਕ ਗੱਡੀ ਪਹੁੰਚੀ ਅਤੇ ਭੀੜ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਂਜ਼ਾਲੇਜ਼ ਨੇ ਸੋਮਵਾਰ ਸਵੇਰੇ ਦੱਸਿਆ ਕਿ ਜਿਸ ਵਿਅਕਤੀ ਦੀ ਮੌਤ ਹੋਈ ਉਸ ਦੀ ਉਮਰ ਕਰੀਬ 20-22 ਸਾਲ ਸੀ। ਉਨ੍ਹਾਂ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿੱਚ ਇੱਕ ਛੋਟਾ ਬੱਚਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਬਾਅਦ ਵਿੱਚ ਬੇਟਾਊਨ ਦੇ ਮੈਡੀਕਲ ਸੈਂਟਰ ਵਿੱਚ ਬੁਲਾਇਆ ਗਿਆ ਜਿੱਥੇ ਕੁੱਝ ਜ਼ਖ਼ਮੀਆਂ ਨੂੰ ਲਿਜਾਇਆ ਗਿਆ ਸੀ ਕਿਉਂਕਿ ਉੱਥੇ ਅਸ਼ਾਂਤੀ ਭੜਕ ਉੱਠੀ ਸੀ। ਗੋਂਜ਼ਾਲੇਜ਼ ਨੇ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਮਲਾਵਰ ਇੱਕ ਛੋਟੀ, ਗੂੜ੍ਹੇ ਰੰਗ ਦੀ ਸੇਡਾਨ ਚਲਾ ਰਹੇ ਸਨ। ਫਿਲਹਾਲ ਕਿਸੇ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।