ਯੂਨੀਸੈਫ ਦਾ ਖੁਲਾਸਾ, ਦੁਨੀਆ ਭਰ ''ਚ 80 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ

10/15/2019 2:43:18 PM

ਪੈਰਿਸ— ਪੂਰੀ ਦੁਨੀਆ 'ਤੇ ਕੁਪੋਸ਼ਣ ਦਾ ਖਤਰਾ ਮੰਡਰਾ ਰਿਹਾ ਹੈ। ਬੱਚਿਆਂ ਦੇ ਪੋਸ਼ਣ 'ਤੇ ਆਧਾਰਿਤ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਦੁਨੀਆ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 70 ਕਰੋੜ ਬੱਚਿਆਂ 'ਤੋਂ ਇਕ ਤਿਹਾਈ ਬੱਚੇ ਜਾਂ ਤਾਂ ਕੁਪੋਸ਼ਿਤ ਹਨ ਜਾਂ ਮੋਟਾਪੇ ਦੀ ਸਮੱਸਿਆ ਦਾ ਜੂਝ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਸਾਰੀ ਉਮਰ ਬੱਚਿਆਂ 'ਚ ਬੀਮਾਰੀ ਨਾਲ ਗ੍ਰਸਤ ਰਹਿਣ ਦਾ ਖਤਰਾ ਹੈ।

ਯੂਨੀਸੈਫ ਦੀ ਕਾਰਜਕਾਰੀ ਨਿਰਦੇਸ਼ਕ ਹੇਨਰੀਟਾ ਫੋਰੇ ਨੇ 'ਸਟੇਟ ਆਫ ਦਾ ਵਰਲਡਸ ਚਿਲਡਰਨ' ਸਿਰਲੇਖ ਵਾਲੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇਨਸਾਨੀ ਸਿਹਤ ਖਾਣ-ਪੀਣ ਦੀ ਲੜਾਈ ਹਾਰ ਰਹੀ ਹੈ। ਸਾਲ 1999 ਤੋਂ ਬਾਅਦ ਆਈ ਇਸ ਰਿਪੋਰਟ ਮੁਤਾਬਕ ਦੁਨੀਆਭਰ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚੋਂ ਕਰੀਬ ਅੱਧੇ ਬੱਚਿਆਂ ਨੂੰ ਜ਼ਰੂਰੀ ਵਿਟਾਮਿਨ ਤੇ ਖਣਿਜ ਨਹੀਂ ਮਿਲ ਰਹੇ ਹਨ। ਬੀਤੇ ਤਿੰਨ ਦਹਾਕਿਆਂ 'ਚ ਬੱਚਿਆਂ 'ਚ ਕੁਪੋਸ਼ਣ ਦਾ ਇਕ ਦੂਜਾ ਰੂਪ ਮੋਟਾਪੇ ਦੇ ਤੌਰ 'ਤੇ ਦੇਖਿਆ ਗਿਆ ਹੈ। ਹਾਲਾਂਕਿ ਸਾਲ 1990 ਤੋਂ 2015 ਦੇ ਵਿਚਾਲੇ ਗਰੀਬ ਦੇਸ਼ਾਂ 'ਚ ਬੱਚਿਆਂ ਦੇ ਬੌਣੇ ਹੋਣ ਦੇ ਮਾਮਲਿਆਂ 'ਚ ਕਰੀਬ 40 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇਹ ਹੀ ਨਹੀਂ ਚਾਰ ਸਾਲ ਜਾਂ ਇਸ ਤੋਂ ਘੱਟ ਉਮਰ ਦੇ 14 ਕਰੋੜ 90 ਲੱਖ ਬੱਚਿਆਂ ਦਾ ਕੱਦ ਵੀ ਆਪਣੀ ਉਮਰ ਦੇ ਹਿਸਾਬ ਨਾਲ ਛੋਟਾ ਮਿਲਿਆ ਹੈ।

ਯੂਨੀਸੈਫ ਦੇ ਪੋਸ਼ਣ ਪ੍ਰੋਗਰਾਮ ਦੇ ਮੁਖੀ ਵਿਕਟਰ ਅਗੁਆਯੋ ਨੇ ਕਿਹਾ ਕਿ ਕੁਪੋਸ਼ਣ ਤੇ ਮੋਟਾਪਾ ਦੋਵੇਂ ਕਦੇ ਕਦੇ ਇਕੋ ਘਰ 'ਚ ਦੇਖਿਆ ਜਾਂਦਾ ਹੈ। ਮੋਟਾਪੇ ਨਾਲ ਜੂਝ ਰਹੀ ਮਾਂ ਦੇ ਬੱਚੇ ਪਤਲੇ ਹੋ ਸਕਦੇ ਹਨ। ਰਿਪੋਰਟ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਹੀ ਗਈ ਹੈ ਕਿ ਦੁਨੀਆ ਭਰ 'ਚ 80 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਜਦਕਿ ਦੋ ਅਰਬ ਲੋਕ ਪੋਸ਼ਟਿਕ ਭੋਜਨ ਦਾ ਸੇਵਨ ਨਹੀਂ ਕਰ ਰਹੇ। ਇਸ ਕਾਰਨ ਮੋਟਾਪਾ, ਦਿਲ ਦੀ ਬੀਮਾਰੀ ਤੇ ਡਾਇਬਟੀਜ਼ ਜਿਹੀਆਂ ਬੀਮਾਰੀਆਂ ਵਧ ਰਹੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫਾਰਮੁਲਾ ਮਿਲਕ ਦੀ ਡਿਮਾਂਡ 'ਚ ਭਾਰੀ ਵਾਧਾ ਹੋਇਆ ਹੈ। ਇਹ ਹੀ ਨਹੀਂ ਇਸ ਦੀ ਵਿਕਰੀ 40 ਫੀਸਦੀ ਵਧ ਗਈ ਹੈ।


Baljit Singh

Content Editor

Related News