ਇਜ਼ਰਾਇਲ ’ਚ ‘ਹੌਟ ਏਅਰ ਬੈਲੂਨ’ ’ਚੋਂ ਹੇਠਾਂ ਡਿੱਗਣ ਨਾਲ 1 ਵਿਅਕਤੀ ਦੀ ਮੌਤ
Tuesday, Oct 19, 2021 - 02:22 PM (IST)
ਤੇਲ ਅਵੀਵ (ਭਾਸ਼ਾ) : ਇਜ਼ਰਾਇਲ ਵਿਚ ਮੰਗਲਵਾਰ ਨੂੰ ਇਕ ਵਿਅਕਤੀ ‘ਹੌਟ ਏਅਰ ਬੈਲੂਨ’ ਵਿਚੋਂ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਜ਼ਰਾਇਲ ਪੁਲਸ ਨੇ ਇਹ ਜਾਣਕਾਰੀ ਦਿੱਤੀ। ‘ਹੌਟ ਏਅਰ ਬੈਲੂਨ’ ਇਕ ਵੱਡਾ ਗੁਬਾਰਾ ਹੁੰਦਾ ਹੈ, ਜਿਸ ਵਿਚ ਟੋਕਰੀ ਜੁੜੀ ਹੁੰਦੀ ਹੈ, ਜਿਸ ਵਿਚ ਬੈਠ ਕੇ ਲੋਕ ਉਡਾਣ ਦਾ ਮਜ਼ਾ ਲੈਂਦੇ ਹਨ। ਪੁਲਸ ਨੇ ਦੱਸਿਆ ਕਿ ਵਿਅਕਤੀ ਗੁਬਾਰੇ ਦੇ ਚਾਲਕ ਦਲ ਦਾ ਮੈਂਬਰ ਸੀ ਅਤੇ ਗੁਬਾਰੇ ਦੀ ਟੋਕਰੀ ਨਾਲ ਲਟਕ ਰਿਹਾ ਸੀ। ਉਚਾਈ ਤੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ।
ਸਥਾਨਕ ਪੁਲਸ ਅਧਿਕਾਰੀ ਸਲਾਵਾ ਬੋਨਚੁਕ ਨੇ ਇਜ਼ਰਾਇਲੀ ਆਰਮੀ ਰੇਡੀਓ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਕਿ ਹੌਟ ਏਅਰ ਬਲੂਨ ਟੋਕਰੀ ਨਾਲ ਲਟਕਦੇ ਵਿਅਕਤੀ ਨਾਲ ਹੀ ਉਡ ਗਿਆ ਸੀ। ਰਾਹਗੀਰਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਨੇ ਪਾਇਲਟ ਨੂੰ ਇਸ ਬਾਰੇ ਵਿਚ ਦੱਸਿਆ। ਪਾਇਲਟ ਗੁਬਾਰੇ ਨੂੰ ਹੇਠਾਂ ਲਿਆ ਪਾਉਂਦਾ, ਇਸ ਤੋਂ ਪਹਿਲਾਂ ਹੀ ਵਿਅਕਤੀ ਜ਼ਮੀਨ ’ਤੇ ਡਿੱਗ ਗਿਆ। ਇਜ਼ਰਾਇਲ ਦੇ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਦੱਸਿਆ ਗਿਆ ਕਿ ਵਿਅਕਤੀ ਉਤਰੀ ਇਜ਼ਰਾਇਲ ਦੇ ਪੇਂਡੂ ਇਲਾਕੇ ਵਿਚ ਹਾਈਵੇ ’ਤੇ ਇਕ ਕਾਰ ’ਤੇ ਡਿੱਗਾ। ਖ਼ਬਰਾਂ ਮੁਤਾਬਕ ਹਾਦਸੇ ਦੇ ਬਾਅਦ ਗੁਬਾਰਾ ਅਤੇ ਇਸ ਵਿਚ ਸਵਾਰ 14 ਯਾਤਰੀ ਸੁਰੱਖਿਅਤ ਜ਼ਮੀਨ ’ਤੇ ਉਤਰਨ ਵਿਚ ਕਾਮਯਾਮ ਰਹੇ।