ਉਮਰ ਅਲ ਅੱਕਾਦ ਨੇ ਜਿੱਤਿਆ ਕੈਨੇਡਾ ਦਾ ਵੱਕਾਰੀ ਸਹਿਤਕ ਪੁਰਸਕਾਰ
Tuesday, Nov 09, 2021 - 01:59 PM (IST)
ਟੋਰਾਂਟੋ (ਭਾਸ਼ਾ) : ਇਕ ਬੱਚੇ ਦੀਆਂ ਨਜ਼ਰਾਂ ਨਾਲ ਗਲੋਬਲ ਸ਼ਰਨਾਰਥੀ ਸੰਕਟ ਦੀ ਕਹਾਣੀ ਬਿਆਨ ਕਰਨ ਵਾਲੇ ਮਿਸਰੀ-ਕੈਨੇਡੀਅਨ ਲੇਖਕ ਅਤੇ ਪੱਤਰਕਾਰ ਉਮਰ ਅਲ ਅੱਕਾਦ ਨੂੰ ਕੈਨੇਡਾ ਦੇ ਸਭ ਤੋਂ ਵੱਕਾਰੀ ਸਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਲ ਅੱਕਾਦ (39) ਨੇ ਆਪਣੀ ਕਿਤਾਬ ‘ਵ੍ਹੱਟ ਸਟ੍ਰੇਂਜ ਪੈਰਾਡਾਈਜ’ ਲਈ ਸੋਮਵਾਰ ਰਾਤ ਨੂੰ ਸਕੋਟੀਆਬੈਂਕ ਗਿਲਰ ਪੁਰਸਕਾਰ ਜਿੱਤਿਆ। ‘ਗਲੋਬ ਐਂਡ ਮੇਲ’ ਦੇ ਸਾਬਕਾ ਪੱਤਰਕਾਰ ਨੂੰ ਸੋਮਵਾਰ ਰਾਤ ਨੂੰ ਟੋਰਾਂਟੋ ਵਿਚ ਇਕ ਪ੍ਰੋਗਰਾਮ ਵਿਚ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਰਾਸ਼ਟਰੀ ਟੈਲੀਵਿਜ਼ਨ ’ਤੇ ਪ੍ਰਸਾਰਨ ਕੀਤਾ ਗਿਆ। ਮੈਕਲੀਲੈਂਡ ਐਂਡ ਸਟੀਵਰਟ ਵੱਲੋਂ ਪ੍ਰਕਾਸ਼ਿਤ ‘ਵ੍ਹੱਟ ਸਟ੍ਰੇਂਜ ਪੈਰਾਡਾਈਜ’ ਗਲੋਬਲ ਸ਼ਰਨਾਰਥੀ ਸੰਕਟ ਵਿਚ ਫਸੇ 2 ਬੱਚਿਆਂ ਦੇ ਬਾਰੇ ਵਿਚ ਇਕ ਨਾਵਲ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕਾ ਲਗਵਾਉਂਦੇ ਹੀ ਬਦਲੀ ਔਰਤ ਦੀ ਕਿਸਮਤ, ਰਾਤੋ-ਰਾਤ ਬਣੀ ਕਰੋੜਪਤੀ
ਇਹ ਕਹਾਣੀ ਜਹਾਜ਼ ਹਾਦਸੇ ਵਿਚ ਇਕ ਅਣਪਛਾਤੇ ਟਾਪੂ ’ਤੇ ਬਚੇ ਇਕ ਸੀਰੀਆਈ ਮੁੰਡੇ ਆਮਿਰ ਅਤੇ ਉਸ ਨੂੰ ਬਚਾਉਣ ਵਾਲੀ ਸਥਾਨਕ ਕੁੜੀ ਵਾਨਾ ਦੇ ਆਲੇ-ਦੁਆਲੇ ਘੁੰਮਦੀ ਹੈ। ਅਲ ਅੱਕਾਦ 16 ਸਾਲ ਦੀ ਉਮਰ ਵਿਚ ਕੈਨੇਡਾ ਆ ਗਏ ਸਨ ਅਤੇ ਓਨਟਾਰੀਓ ਵਿਚ ਕਵੀਨਜ਼ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਂਟਰੀਅਲ ਵਿਚ ਸਕੂਲੀ ਸਿੱਖਿਆ ਪੂਰੀ ਕੀਤੀ। ਉਹ ਕਰੀਬ ਇਕ ਦਹਾਕੇ ਤੋਂ ਟੋਰਾਂਟੋ ਵਿਚ ਰਹਿੰਦੇ ਹਨ। ਉਨ੍ਹਾਂ ਨੂੰ 2017 ਵਿਚ ਆਏ ਨਾਵਲ ‘ਅਮਰੀਕਨ ਵਾਰ’ ਤੋਂ ਪਛਾਣ ਮਿਲੀ, ਜਿਸ ਨੇ ਪੈਸੀਫਿਕ ਨਾਰਥਵੈਸਟ ਬੁੱਕਸੇਲਰਸ ਐਸੋਸੀਏਸ਼ਨ ਦਾ ਪੁਰਸਕਾਰ ਜਿੱਤਿਆ। ਗਿਲਰ ਪੁਰਸਕਾਰ ਨੂੰ ਕੈਨੇਡੀਅਨ ਸਾਹਿਤ ਵਿਚ ਸਭ ਤੋਂ ਵੱਕਾਰੀ ਪੁਰਸਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਦੇ ਜੇਤੂਆਂ ਵਿਚ ਮਾਰਗਰੇਟ ਏਟਵੁੱਡ, ਮੋਰਡੇਕਈ ਰਿਚਲਰ ਅਤੇ ਐਲਿਸ ਮੁਨਰੋ ਸ਼ਾਮਲ ਹਨ। ਕਾਰੋਬਾਰੀ ਜੈਕ ਰੋਬਿਨੋਵਿਚ ਨੇ ਆਪਣੀ ਮਰਹੂਮ ਪਤਨੀ ਅਤੇ ਸਾਹਿਤਕ ਪੱਤਰਕਾਰ ਡੋਰਿਸ ਗਿਲਰ ਦੀ ਯਾਦ ਵਿਚ 1994 ਵਿਚ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ, 22 ਨਵੰਬਰ ਤੋਂ ਬ੍ਰਿਟੇਨ ਦੇਵੇਗਾ ਇਹ ਸਹੂਲਤਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।