ਪਾਕਿਸਤਾਨ ’ਚ OIC ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਸ਼ੁਰੂ

Tuesday, Mar 22, 2022 - 03:38 PM (IST)

ਪਾਕਿਸਤਾਨ ’ਚ OIC ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਸ਼ੁਰੂ

ਇਸਲਾਮਾਬਾਦ (ਭਾਸ਼ਾ)-ਮੁਸਲਿਮ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀ. ਐੱਫ. ਐੱਮ.) ਦੀ ਦੋ ਦਿਨਾ ਬੈਠਕ ਮੰਗਲਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸ਼ੁਰੂ ਹੋਈ। 57 ਮੈਂਬਰੀ ਓ. ਆਈ. ਸੀ. ਦੀ 48ਵੀਂ ਸੀ. ਐੱਫ. ਐੱਮ. ਬੈਠਕ ‘ਏਕਤਾ, ਨਿਆਂ ਅਤੇ ਵਿਕਾਸ ਲਈ ਭਾਈਵਾਲੀ ਵਿਕਸਿਤ ਕਰਨ’ ਦੇ ਵਿਸ਼ੇ ’ਤੇ ਆਯੋਜਿਤ ਹੋ ਰਹੀ ਹੈ। ਇਸ ’ਚ ਲੱਗਭਗ 46 ਮੈਂਬਰ ਦੇਸ਼ਾਂ ਦੀ ਪ੍ਰਤੀਨਿਧਤਾ ਮੰਤਰੀ ਪੱਧਰ ’ਤੇ ਕੀਤੀ ਜਾ ਰਹੀ ਹੈ, ਜਦਕਿ ਬਾਕੀਆਂ ਦੀ ਪ੍ਰਤੀਨਿਧਤਾ ਸੀਨੀਅਰ ਅਧਿਕਾਰੀ ਕਰ ਰਹੇ ਹਨ। ਇਸ ਬੈਠਕ ਦੀ ਪ੍ਰਧਾਨਗੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕਰ ਰਹੇ ਹਨ। ਉਥੇ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦੇ ਉਦਘਾਟਨੀ ਸੈਸ਼ਨ ’ਚ ਮੁੱਖ ਭਾਸ਼ਣ ਦੇਣਗੇ, ਜੋ ਓ. ਆਈ. ਸੀ. ਪ੍ਰਤੀ ਪਾਕਿਸਤਾਨ ਦੀ ਭੂਮਿਕਾ ਅਤੇ ਯੋਗਦਾਨ ਨੂੰ ਉਜਾਗਰ ਕਰੇਗਾ ਅਤੇ ਮੁਸਲਿਮ ਸੰਸਾਰ ਨੂੰ ਦਰਪੇਸ਼ ਚੁਣੌਤੀਆਂ ’ਤੇ ਰੌਸ਼ਨੀ ਪਾਵੇਗਾ।

ਇਹ ਵੀ ਪੜ੍ਹੋ : ਦਿੱਲੀ ਤੋਂ ਸਾਹਮਣੇ ਆਈ ਦਿਲ ਵਲੂੰਧਰਣ ਵਾਲੀ ਘਟਨਾ, ਮਾਈਕ੍ਰੋਵੇਵ ’ਚੋਂ ਮਿਲਿਆ ਮ੍ਰਿਤਕ ਬੱਚਾ

ਚੀਨ ਦੇ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਆਪਣੇ ਪਾਕਿਸਤਾਨੀ ਹਮਰੁਤਬਾ ਦੇ ਸੱਦੇ ’ਤੇ ਵਿਸ਼ੇਸ਼ ਮਹਿਮਾਨ ਵਜੋਂ ਮੀਟਿੰਗ ’ਚ ਸ਼ਾਮਲ ਹੋ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਦਫ਼ਤਰ ਮੁਤਾਬਕ ਬੈਠਕ ’ਚ ਸ਼ਾਂਤੀ, ਸੁਰੱਖਿਆ, ਆਰਥਿਕ ਵਿਕਾਸ, ਸੱਭਿਆਚਾਰਕ ਅਤੇ ਵਿਗਿਆਨਕ ਸਹਿਯੋਗ ਸਮੇਤ ਵੱਖ-ਵੱਖ ਮੁੱਦਿਆਂ ’ਤੇ ਸੌ ਤੋਂ ਜ਼ਿਆਦਾ ਪ੍ਰਸਤਾਵਾਂ ’ਤੇ ਵਿਚਾਰ ਕਰਦਿਆਂ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਵੇਗਾ। ਬੈਠਕ ਦੇ ਏਜੰਡੇ ’ਚ 2020 ਵਿਚ ਨਿਯਾਮੇ ਵਿਚ ਆਯੋਜਿਤ ਪਿਛਲੀ ਸੀ. ਐੱਫ਼. ਐੱਮ. ਬੈਠਕ ਤੋਂ ਬਾਅਦ ਮੁਸਲਿਮ ਸੰਸਾਰ ਨੂੰ ਪ੍ਰਭਾਵਿਤ ਕਰਨ ਵਾਲੇ ਘਟਨਾਚੱਕਰਾਂ ਤੋਂ ਇਲਾਵਾ ਪਿਛਲੇ ਸੈਸ਼ਨਾਂ ਵਿਚ ਲਿਆਂਦੇ ਗਏ ਪ੍ਰਸਤਾਵਾਂ, ਵਿਸ਼ੇਸ਼ ਤੌਰ ’ਤੇ ਫਿਲਸਤੀਨ ਅਤੇ ਅਲ ਕੁਦਸ (ਯੇਰੂਸ਼ਲਮ) ਨਾਲ ਜੁੜੇ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਸਕੱਤਰੇਤ ਵੱਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਇਸਲਾਮਾਬਾਦ ਵਿਚ ਹੋਣ ਵਾਲੀ ਸੀ. ਐੱਫ਼. ਐੱਮ. ਬੈਠਕ ਵਿਚ ਇਸਲਾਮੋਫੋਬੀਆ ਦੇ ਨਾਲ-ਨਾਲ ਅੰਤਰਰਾਸ਼ਟਰੀ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਆਰਥਿਕ, ਸੱਭਿਆਚਾਰਕ, ਸਮਾਜਿਕ, ਮਾਨਵਤਾਵਾਦੀ ਅਤੇ ਵਿਗਿਆਨਕ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਮੁੱਦੇ ’ਤੇ ਵੀ ਚਰਚਾ ਹੋਵੇਗੀ।

ਇਹ ਵੀ ਪੜ੍ਹੋ : ਰਾਜ ਸਭਾ ’ਚ ਨਾਮਜ਼ਦਗੀਆਂ ਨੂੰ ਲੈ ਕੇ ਰਵਨੀਤ ਬਿੱਟੂ ਦਾ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ 


author

Manoj

Content Editor

Related News