ਮਿਆਦ ਖ਼ਤਮ ਹੋ ਚੁਕੇ OCI ਕਾਰਡ ਦੇ ਨਵੀਨੀਕਰਨ ਦੀ ਤਾਰੀਖ਼ 31 ਦਸੰਬਰ 2021 ਤੱਕ ਕੀਤੀ ਜਾਵੇ -ਸਤਨਾਮ ਚਾਹਲ

Saturday, Mar 27, 2021 - 12:52 PM (IST)

ਨਿਊਯਾਰਕ (ਰਾਜ ਗੋਗਨਾ)- ਜਿਨ੍ਹਾਂ ਓ.ਸੀ.ਆਈ. ਕਾਰਡਾਂ ਦੀ ਮਿਆਦ ਖ਼ਤਮ ਹੋ ਚੁਕੀ ਹੈ ਜਾਂ ਫਿਰ ਓ.ਸੀ.ਆਈ. ਕਾਰਡ ਹੋਲਡਰ ਵਲੋਂ ਦੂਸਰਾ ਪਾਸਪੋਰਟ ਲੈਣ ਕਰਕੇ ਨਵਾਂ ਓ.ਸੀ.ਆਈ. ਕਾਰਡ ਲੈਣਾ ਜ਼ਰੂਰੀ ਹੈ ਤਾਂ ਅਜਿਹੀ ਕਿਸੇ ਵੀ ਇਕ ਸਥਿਤੀ ਵਿਚ ਓ.ਸੀ.ਆਈ. ਕਾਰਡ ਦੀ ਮਿਆਦ ਦੇ ਨਵੀਨੀਕਰਨ ਦੀ ਤਾਰੀਖ਼ 31 ਦਸੰਬਰ 2021 ਤੱਕ ਕਰ ਦਿਤੀ ਜਾਵੇ। ਭਾਰਤ ਸਰਕਾਰ ਪਾਸੋਂ ਇਹ ਮੰਗ ਕਰਦਿਆਂ ਨੌਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡਾਂ ਨੂੰ ਹਰ ਵਾਰ 20 ਸਾਲ ਦੀ ਉਮਰ ਤੱਕ ਨਵਾਂ ਪਾਸਪੋਰਟ ਜਾਰੀ ਕਰਨ ਵੇਲੇ ਲੋੜੀਂਦਾ ਨਵੀਨੀਕਰਨ ਕਰਨ ਦੀ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ 20 ਅਤੇ 50 ਸਾਲ ਦੀ ਉਮਰ ਅਤੇ ਇਕ ਵਾਰ ਫਿਰ ਕਾਰਡ ਧਾਰਕ ਦੇ 50 ਸਾਲ ਪੂਰੇ ਹੋਣ ਤੋਂ ਬਾਅਦ ਅਜਿਹਾ ਕਰਨਾ ਲਾਜਮੀ ਹੈ, ਜੋ ਉਸ ਦੇ ਬਾਕੀ ਦੇ ਸਮੇਂ ਲਈ ਯੋਗ ਰਹੇਗਾ। ਇਹ ਸਭ ਇਸ ਲਈ ਲਾਜ਼ਮੀ ਹੈ ਕਿਉਂਕਿ ਬਿਨੈਕਾਰ ਦੀ ਸਰੀਰਕ ਰੂਪ ਵਿਚ ਤਬਦੀਲੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਸ: ਚਾਹਲ ਨੇ ਕਿਹਾ ਪੂਰੀ ਦੁਨੀਆ ਦੀ ਤਰ੍ਹਾਂ ਭਾਰਤ ਵਿਚ ਚੱਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਓ.ਸੀ.ਆਈ ਕਾਰਡ ਦੀ ਨਵੀਨੀਕਰਨ ਦੀ ਤਾਰੀਖ਼ ਨੂੰ 30 ਜੂਨ 2021 ਤੱਕ ਵਧਾ ਦਿੱਤਾ ਗਿਆ ਸੀ ਜੋ ਤਾਰੀਖ਼ ਬਹੁਤ ਨੇੜੇ ਆ ਰਹੀ ਹੈ, ਜਿਸ ਕਾਰਣ ਉਨ੍ਹਾਂ ਓ.ਸੀ.ਆਈ ਕਾਰਡ ਧਾਰਕਾਂ ਲਈ ਬਹੁਤ ਮੁਸ਼ਕਲ ਹੋ ਰਹੀ ਹੈ ਜੋ ਭਾਰਤ ਯਾਤਰਾ 'ਤੇ ਜਾਣਾ ਚਾਹੁੰਦੇ ਹਨ।

ਜਿਹੜੇ ਪ੍ਰਵਾਸੀ ਭਾਰਤੀ ਵੱਖ ਵੱਖ ਦੇਸ਼ਾਂ ਵਿਚੋਂ ਭਾਰਤ ਯਾਤਰਾ ਤੇ ਜਾਣ ਵਾਲੇ ਹਨ ਅਤੇ ਉਨ੍ਹਾਂ ਦੇ ਓ.ਸੀ.ਆਈ ਕਾਰਡ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਬਹੁਤ ਹੀ ਨੇੜੇ ਦੇ ਭਵਿੱਖ ਵਿਚ ਖ਼ਤਮ ਹੋਣ ਜਾ ਰਹੀ ਹੈ। ਅਜਿਹੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤ ਯਾਤਰਾ 'ਤੇ ਜਾਣਾ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਸ: ਚਾਹਲ ਨੇ ਅੱਗੇ ਕਿਹਾ ਕਿ ਕੋਵਿਡ -19 ਦੀ ਦੂਜੀ ਲਹਿਰ ਪੂਰੇ ਜ਼ੋਰਾਂ ਨਾਲ ਭਾਰਤ ਵਿਚ ਚਲ ਰਹੀ ਹੈ, ਇਸ ਲਈ ਬਹੁਤ ਸਾਰੇ ਓ.ਸੀ.ਆਈ ਕਾਰਡ ਧਾਰਕਾਂ ਨੇ ਆਪਣੀ ਭਾਰਤ ਯਾਤਰਾ ਮੁਲਤਵੀ ਕਰ ਦਿੱਤੀ ਹੈ ਅਤੇ ਕੋਵਿਡ -19 ਦੇ ਖ਼ਤਰੇ ਦੇ ਖ਼ਤਮ ਹੋਣ ਤੋਂ ਬਾਅਦ ਆਪਣੀ ਭਾਰਤ ਫੇਰੀ ਮੁੜ ਤੈਅ ਕਰਨਾ ਚਾਹੁੰਦੇ ਹਨ।

ਚਾਹਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯਾਤਰੀਆਂ ਦੇ ਓ.ਸੀ.ਆਈ ਕਾਰਡ ਦੀ ਮਿਆਦ ਖ਼ਤਮ ਹੋ ਗਈ ਹੈ ਜਾਂ ਮਿਆਦ ਪੂਰੀ ਹੋਣ ਵਾਲੀ ਹੈ, ਉਨ੍ਹਾਂ ਯਾਤਰੀਆਂ ਨੂੰ ਭਾਰਤ ਯਾਤਰਾ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਜੇ ਅਜਿਹੇ ਕਾਰਡ ਧਾਰਕ ਓ.ਸੀ.ਆਈ ਕਾਰਡ ਵਿਚ ਦੱਸੇ ਅਨੁਸਾਰ ਪਾਸਪੋਰਟ ਦਿਖਾਉਣਗੇ ਅਤੇ ਨਵਾਂ ਪਾਸਪੋਰਟ ਜਿਸ ਬਾਰੇ ਓ.ਸੀ.ਆਈ ਕਾਰਡ ਵਿਚ ਜ਼ਿਕਰ ਨਹੀਂ ਕੀਤਾ ਗਿਆ ਸੀ ਉਹ ਵੀ ਵਿਖਾਉਣਾ ਪਹਿਲਾਂ ਜ਼ਰੂਰੀ ਕਰਾਰ ਦਿਤਾ ਜਾਵੇ। ਸ: ਚਾਹਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਲਈ ਇਹ ਇਕ ਬਹੁਤ ਵੱਡੀ ਰਾਹਤ ਹੋਵੇਗੀ।


DIsha

Content Editor

Related News