ਸਰਕਾਰੀ ਗੱਡੀ ਦੇ ਲਾਊਡਸਪੀਕਰ ''ਤੇ ''ਟਰੰਪ 2020'' ਬੋਲਣ ਵਾਲਾ ਪੁਲਸ ਕਰਮਚਾਰੀ ਮੁਅੱਤਲ
Tuesday, Oct 27, 2020 - 03:01 PM (IST)
ਨਿਊਯਾਰਕ– ਨਿਊਯਾਰਕ ਪੁਲਸ ਡਿਪਾਰਟਮੈਂਟ (ਐੱਨ. ਵਾਈ. ਪੀ. ਡੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਇਕ ਅਧਿਕਾਰੀ ਨੂੰ ਇਕ ਵੀਡੀਓ ’ਚ ਗਸ਼ਤੀ ਵਾਹਨ ਦੇ ਲਾਊਡਸਪੀਕਰ ਨਾਲ 'ਟਰੰਪ 2020' ਬੋਲਦੇ ਨਜ਼ਰ ਆਉਣ ਤੋਂ ਇਕ ਦਿਨ ਬਾਅਦ ਬਿਨਾਂ ਤਨਖ਼ਾਹ ਮੁਅੱਤਲ ਕਰ ਦਿੱਤਾ ਗਿਆ। ਵਿਭਾਗੀ ਨਿਯਮਾਂ ਦੀ ਉਲੰਘਣਾ ਦੇ ਦੋਸ਼ 'ਚ ਉਸ ਨੂੰ ਮੁਅੱਤਲ ਕੀਤਾ ਗਿਆ ਹੈ।
ਪੁਲਸ ਵਿਭਾਗ ਨੇ ਕਿਹਾ ਕਿ ਇਹ ਆਦੇਸ਼ ਤੁਰੰਤ ਪ੍ਰਭਾਵੀ ਹੈ ਅਤੇ ਘਟਨਾ ਦੀ ਜਾਂਚ ਜਾਰੀ ਰਹੇਗੀ। ਕਮਿਸ਼ਨਰ ਡਰਮਾਟ ਸ਼ਿਆ ਨੇ ਟਵੀਟ ਕੀਤਾ ਕਿ ਅਧਿਕਾਰੀ ਦਾ ਵਿਵਹਾਰ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਕਰਮਚਾਰੀਆਂ ਦਾ ਕੰਮ ਸਿਆਸਤ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਮੁਅੱਤਲ ਕੀਤੇ ਗਏ ਪੁਲਸ ਕਰਮਚਾਰੀ ਦਾ ਨਾਂ ਫਿਲਹਾਲ ਜਨਤਕ ਨਹੀਂ ਕੀਤਾ ਗਿਆ ਹੈ। ਮੇਅਰ ਬਿਲ ਡੀ ਬਲਾਸੀਓ ਨੇ ਤੁਰੰਤ ਕਾਰਵਾਈ ਦਾ ਵਾਅਦਾ ਕਰਦੇ ਹੋਏ ਟਵੀਟ ਕੀਤਾ ਕਿ ਡਿਊਟੀ 'ਤੇ ਰਹਿਣ ਦੌਰਾਨ ਕਿਸੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਵਾਲੇ ਐੱਨ. ਵਾਈ. ਪੀ. ਡੀ. ਅਧਿਕਾਰੀ ਨੂੰ ਇਸ ਦੇ ਅੰਜ਼ਾਮ ਭੁਗਤਣਾ ਹੋਵੇਗਾ।
ਵਿਭਾਗ ਦੇ ਗਸ਼ਤ ਦੇ ਨਿਯਮਾਂ 'ਚ ਅਧਿਕਾਰੀਆਂ ਨੂੰ ਕਿਸੇ ਸਿਆਸੀ ਉਮੀਦਵਾਰ ਦਾ ਪ੍ਰਚਾਰ ਕਰਨ ਜਾਂ ਜਨਤਕ ਰੂਪ ਨਾਲ ਉਮੀਦਵਾਰਾਂ ਬਾਰੇ ਵਰਦੀ ਜਾਂ ਡਿਊਟੀ 'ਤੇ ਰਹਿਣ ਦੌਰਾਨ ਆਪਣੀ ਨਿੱਜੀ ਰਾਇ ਦੇਣ ਦੀ ਮਨਾਹੀ ਹੈ। ਵੀਡੀਓ 'ਚ ਪੁਲਸ ਕਰਮਚਾਰੀ 'ਟਰੰਪ 2020' ਕਹਿੰਦੇ ਸੁਣਿਆ ਜਾ ਰਿਹਾ ਹੈ। ਉਹ ਸੜਕ 'ਤੇ ਕਿਸੇ ਵਿਅਕਤੀ 'ਤੇ ਟਿੱਪਣੀ ਕਰ ਰਿਹਾ ਸੀ ਜੋ ਉਸ ਦੀ ਵੀਡੀਓ ਬਣਾ ਰਿਹਾ ਸੀ। ਪੁਲਸ ਕਰਮਚਾਰੀ ਨੇ ਕਿਹਾ ਕਿ ਇਸ ਨੂੰ ਯੂ-ਟਿਊਬ 'ਤੇ ਪਾ ਦੇਣਾ। ਇਸ ਨੂੰ ਫੇਸਬੁਕ ’ਤੇ ਦਿਖਾਉਣਾ।