ਆਸਟ੍ਰੇਲੀਆ : ਨਿਊ ਸਾਊਥ ਵੇਲਜ਼ ''ਚ ਫਲੂ ਦਾ ਕਹਿਰ, 6 ਹੋਰ ਲੋਕਾਂ ਦੀ ਹੋਈ ਮੌਤ
Saturday, Jul 20, 2019 - 03:37 PM (IST)

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਫਲੂ ਕਾਰਨ 6 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 2019 'ਚ ਹੁਣ ਤਕ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 79 ਹੋ ਗਈ ਹੈ। ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਹਫਤੇ 14 ਜੁਲਾਈ ਤਕ 6,418 ਲੋਕਾਂ ਦੇ ਇਸ ਬੀਮਾਰੀ ਦੀ ਲਪੇਟ 'ਚ ਆਉਣ ਦੀ ਰਿਪੋਰਟ ਹੈ ਜਦ ਕਿ ਪੂਰੇ ਸਾਲ 'ਚ ਫਲੂ ਦੇ 47,822 ਕੇਸ ਸਾਹਮਣੇ ਆਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰ ਬੱਚੇ ਅਤੇ ਜਵਾਨ ਵਧੇਰੇ ਫਲੂ ਦੀ ਲਪੇਟ 'ਚ ਆ ਰਹੇ ਹਨ। ਅਜੇ ਵੀ 5 ਸਾਲ ਤੋਂ ਘੱਟ ਉਮਰ ਵਾਲੇ 20 ਬੱਚੇ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ। ਅਧਿਕਾਰੀਆਂ ਵਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਟੀਕਾ ਜ਼ਰੂਰ ਲਗਵਾਉਣ ਅਤੇ ਜੇਕਰ ਬੱਚਿਆਂ 'ਚ ਬੀਮਾਰੀ ਦਾ ਕੋਈ ਲੱਛਣ ਦਿਖਾਈ ਦੇਵੇ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜਿਆ ਜਾਵੇ।
ਰਿਪੋਰਟ ਮੁਤਾਬਕ ਦੱਖਣੀ ਆਸਟ੍ਰੇਲੀਆ 'ਚ ਇਸ ਸਾਲ ਫਲੂ ਕਾਰਨ 92 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਈਨਜ਼ਲੈਂਡ 'ਚ 51, ਵਿਕਟੋਰੀਆ 'ਚ 50 ਅਤੇ ਪੱਛਮੀ ਆਸਟ੍ਰੇਲੀਆ 'ਚ ਹੁਣ ਤਕ 48 ਮੌਤਾਂ ਹੋ ਚੁੱਕੀਆਂ ਹਨ। ਕਈ ਹੋਰ ਸ਼ਹਿਰਾਂ 'ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਪਰ ਉੱਥੇ ਮੌਤ ਦਰ ਕਾਫੀ ਘੱਟ ਹੈ।