ਬ੍ਰਿਸਬੇਨ ’ਚ NRIs ਵੱਲੋਂ ਪਾਰਲੀਮੈਂਟ ਦੇ ਮੂਹਰੇ CAA ਅਤੇ NCR ਦੇ ਖਿਲਾਫ਼ ਮੁਜ਼ਾਹਰਾ

02/24/2020 3:15:37 PM

ਬ੍ਰਿਸਬੇਨ ( ਸਤਵਿੰਦਰ ਟੀਨੂੰ )– ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਕਵੀਨਜਲੈਂਡ ਦੀ ਪਾਰਲੀਮੈਂਟ ਅੱਗੇ ਵੱਖ-ਵੱਖ ਧਿਰਾਂ ਦੇ ਸੱਦੇ ’ਤੇ ਆਸਟ੍ਰੇਲੀਆ ਦੇ ਭਾਰਤੀਆਂ ਨੇ ਭਾਰਤ ’ਚ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ‘ਸਿਟੀਜ਼ਨ ਅਮੈਂਡਮੈਂਟ ਐਕਟ’ ਅਤੇ ‘ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰੇਸ਼ਨ’ ਦੇ ਵਿਰੋਧ ’ਚ ਇਕ ਰੋਸ ਧਰਨਾ ਆਯੋਜਿਤ ਕੀਤਾ ਗਿਆ। ਜਿਸ ਵਿਚ ਡਾਕਟਰ ਬੀ. ਆਰ. ਅੰਬੇਡਕਰ ਸਾਬ ਦੇ ਪੜਪੋਤੇ ਰਾਜ ਰਤਨ ਅੰਬੇਡਕਰ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ। 

PunjabKesari
ਇਸ ਵਿਚ ਬ੍ਰਿਸਬੇਨ ਤੋਂ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਡਾ. ਬਰਨਾਰਡ ਮਲਿਕ ਡਾਇਰੈਕਟਰ ਅਮਰੀਕਨ ਕਾਲਜ ਨੇ ਬੋਲਦਿਆਂ ਕਿਹਾ ਕਿ ਭਾਰਤ ਸਾਰਿਆਂ ਧਰਮਾਂ ਦਾ ਸਾਂਝਾ ਦੇਸ਼ ਹੈ, ਮੌਜੂਦਾ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨਾਂ ਤਹਿਤ ਦੇਸ਼ ਨੂੰ ਟੁੱਕੜੇ ਕਰਨ ਦੀ ਜੋ ਨੀਤੀ ਅਪਣਾਈ ਜਾ ਰਹੀ ਹੈ, ਪੂਰੀ ਤਰ੍ਹਾ ਸੰਪਰਦਾਇਕ ਹੈ। ਇਪਸਾ ਦੇ ਸਕੱਤਰ ਅਤੇ ਸ਼ਾਇਰ ਸਰਬਜੀਤ ਸੋਹੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਰ੍ਹਾ ਭਾਰਤ ਵਿਚ ਹਿੰਦੂਤਵੀ ਏਜੰਡਾ ਤਹਿਤ ਘੱਟ ਗਿਣਤੀਆਂ ਨੂੰ ਡਰਾਉਣ, ਧਮਕਾਉਣ ਅਤੇ ਦਬਾਉਣ ਦਾ ਚੱਲ ਰਿਹਾ ਰੁਝਾਣ ਬਹੁਤ ਹੀ ਨਿੰਦਣਯੋਗ ਹੈ। ਇਸ ਤਹਿਤ ਬਣਾਏ ਗਏ ਕਾਲੇ ਕਾਨੂੰਨ ਸੰਵਿਧਾਨ ਦੀ ਮੂਲ ਭਾਵਨਾ ਦੇ ਹੀ ਉਲਟ ਹਨ। ਦੱਖਣ ਭਾਰਤ ਨਾਲ ਸੰਬੰਧਿਤ ਵਿਵੀਅਨ ਲੋਭੋ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਮੋਦੀ ਜੀ ਚਾਹੁੰਦੇ ਹਨ ਕਿ ਭਾਰਤੀ ਲੋਕਾਂ ਦੀ ਸਦੀਆਂ ਦੀ ਸਾਂਝ ਬਣੀ ਰਹੇ ਅਤੇ ਭਾਰਤ ਦਾ ਸਾਂਝੀਵਾਲਤਾ ਵਾਲਾ ਸਰੂਪ ਕਾਇਮ ਰਹੇ ਤਾਂ ਇਹ ਕਾਨੂੰਨ ਵਾਪਸ ਲੈ ਲੈਣ। 

PunjabKesari
ਕਾਮਰੇਡ ਸੈੱਲ ਡਾਊਡ ਨੇ ਵੀ ਭਾਰਤ ਵਿਚ ਲਾਗੂ ਹੋ ਰਹੇ ਇਸ ਕਾਲੇ ਕਾਨੂੰਨ ਦੀ ਵਿਰੋਧਤਾ ਕੀਤੀ ਜੋ ਕਿ ਧਾਰਮਿਕ ਵਖਰੇਵੇਂ ਤੇ ਆਧਾਰਿਤ ਹੈ। ਇਸ ਰੋਸ ਧਰਨੇ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ਰਾਜ ਰਤਨ ਅੰਬੇਡਕਰ ਨੇ ਮੋਦੀ-ਸ਼ਾਹ ਜੋੜੀ ਦੀ ਘੱਟ ਗਿਣਤੀਆਂ ਨੂੰ ਦਬਾਉਣ ਦੀ ਨੀਤੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ’ਚ ਇਸ ਵੇਲੇ ਅਣ-ਐਲਾਨੀ ਐਮਰਜੰਸੀ ਲੱਗੀ ਹੋਈ ਹੈ। ਲੋਕਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਇਸ ਸਮੇਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹਰ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਲੋਕਤੰਤਰ ਦਾ ਘਾਣ ਹੈ। ਉਨ੍ਹਾ ਨੇ ਕਿਹਾ ਕਿ ਸੰਵਿਧਾਨ ਦੀ ਰੱਖਿਆ ਕਰਨੀ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। 

ਆਪਣੇ ਸੰਦੇਸ਼ ਵਿਚ ਰਾਜ ਰਤਨ ਅੰਬੇਡਕਰ ਨੇ ਕਿਹਾ ਕਿ ਭਾਰਤ ਦੀਆਂ ਸਮੁੱਚੀਆਂ ਘੱਟ ਗਿਣਤੀਆਂ ਅਤੇ ਸੈਕੂਲਰ ਸੋਚ ਵਾਲੇ ਲੋਕਾਂ ਦਾ ਮਿਲਕੇ ਇਸ ਅੰਦੋਲਨ ਦਾ ਹਿੱਸਾ ਬਣਨਾ ਬਹੁਤ ਹੀ ਸ਼ੁੱਭ ਸ਼ਗਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹੈਰੀ, ਸੁਖਜਿੰਦਰ ਮੌਰੋਂ, ਹਰਦੀਪ ਵਾਗਲਾ, ਡਾਕਟਰ ਹਰਵਿੰਦਰ ਸਿੰਘ ਆਦਿ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਸਤਵਿੰਦਰ ਟੀਨੂੰ ਵੱਲੋਂ ਬਾਖੂਬੀ ਨਿਭਾਈ ਗਈ।


Related News