ਆਸਟਰੇਲੀਆ 'ਚ ਨਾਵਲ ‘ਵਕਤ ਬੀਤਿਆ ਨਹੀਂ’ ਲੋਕ ਅਰਪਣ

12/09/2018 5:46:10 PM

ਬ੍ਰਿਸਬੇਨ (ਸਤਵਿੰਦਰ ਟੀਨੂੰ)- ਆਸਟੇਰਲੀਆ ਦੀ ਵਿਸ਼ਵ ਭਰ 'ਚ ਮਸ਼ਹੂਰ ਪੰਜਾਬੀ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ' ਜਿਸ ਦਾ ਗਠਨ ਸੰਨ 2016 ਵਿੱਚ ਕੀਤਾ ਗਿਆ ਸੀ, ਅੱਜ ਆਪਣੇ ਚੌਥੇ ਕਾਰਜ-ਕਾਲ ਵਿੱਚ ਦਾਖਲ ਹੋ ਗਈ ਹੈ। ਹੁਣ ਇਹ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਦੇ ਨਾਮ ਹੇਠ ਇਕ ਰਜਿਸਟਰਡ ਸੰਸਥਾ ਬਣ ਗਈ ਹੈ, ਜਿਸਦਾ ਸੰਖੇਪ ਨਾਮ ‘ਇਪਸਾ ਆਸਟਰੇਲੀਆ’ ਹੋਵੇਗਾ।

ਇਹ ਭਵਿੱਖ ਵਿੱਚ ਵੀ ਆਸਟਰੇਲੀਆ ਦੀ ਬਹੁਪੱਖੀ ਸੰਸਥਾ ‘ਇੰਡੋਜ਼ ਹੋਲਡਿੰਗਜ ਗਰੁੱਪ' ਦੇ ਸਾਹਿਤਕ ਵਿੰਗ ਵਜੋਂ ਕੰਮ ਕਰਦੀ ਰਹੇਗੀ।ਪਿਛਲੇ ਤਿੰਨ ਸਾਲਾਂ ਵਿੱਚ ਆਸਟਰੇਲੀਆ 'ਚ ਪੰਜਾਬੀ ਸਾਹਿਤ ਦੇ ਪਾਸਾਰ ਅਤੇ ਵਿਕਾਸ ਲਈ ਇੰਡੋਜ਼ ਦੀਆਂ ਸਰਗਰਮੀਆਂ ਨੇ ਇਕ ਤੀਬਰ ਵੇਗ ਲਿਆਂਦਾ ਹੋਇਆ ਹੈ। ਸੈਂਕੜੇ ਨਾਮਵਰ ਲੇਖਕਾਂ ਦੇ ਰੂ-ਬੂ-ਰੂ, ਸੈਮੀਨਾਰ, ਲੋਕ ਅਰਪਣ ਅਤੇ ਕਵੀ ਦਰਬਾਰਾਂ ਦੀ ਮਾਸਿਕ ਲੜੀ ਨੇ ਆਸਟਰੇਲੀਆ 'ਚ ਸਾਹਿਤਧਾਰਾ ਨੂੰ ਇਕ ਨਵਾਂ ਪ੍ਰਵਾਹ ਦਿੱਤਾ ਹੋਇਆ ਹੈ। ਸਾਹਿਤ ਪ੍ਰਕਾਸ਼ਨ ਦੇ ਖੇਤਰ 'ਚ ਸਰਬਜੀਤ ਸੋਹੀ ਦੀ ਸੰਪਾਦਨਾ 'ਚ 4 ਸਾਂਝੀਆਂ ਪੁਸਤਕਾਂ ਦਾ ਛੱਪਣਾ ਆਪਣੇ-ਆਪ ਵਿਚ ਇੰਡੋਜ਼ ਗਰੁੱਪ ਦੀ ਸਾਹਿਤ ਪ੍ਰਤੀ ਵਚਨਬੱਧਤਾ ਅਤੇ ਲਗਾਤਾਰਤਾ ਦਾ ਪ੍ਰਤੀਕ ਹੈ। ਇਨ੍ਹਾਂ ਪਿਛਲੇ ਤਿੰਨਾਂ ਸਾਲਾਂ ਵਿੱਚ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਸੈਕਟਰੀ ਪਰਮਜੀਤ ਸਿੰਘ ਸਰਾਏ ਅਤੇ ਜੀ.ਐਨ.ਐਸ.ਟੀ ਪ੍ਰਬੰਧਕੀ ਕਮੇਟੀ ਦਾ ਸਹਿਯੋਗ ਅਤੇ ਅਗਵਾਈ ਵੀ ਕਾਬਲੇ ਤਾਰੀਫ਼ ਰਹੀ ਹੈ।

ਅੱਜ ਬ੍ਰਿਸਬੇਨ ਸ਼ਹਿਰ ਵਿੱਚ ਸਥਿਤ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿੱਚ ਹੋਈ ਮੀਟਿੰਗ ਦੇ ਪਹਿਲੇ ਸੈਸ਼ਨ ਵਿੱਚ ਸਰਬ-ਸੰਮਤੀ ਨਾਲ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਦੀ ਕਾਰਜਕਾਰਨੀ ਚੁਣੀ ਗਈ। ਸਭ ਤੋਂ ਪਹਿਲਾਂ ਸਭਾ ਦੇ ਸੰਸਥਾਪਕ ਅਤੇ ਪਹਿਲੇ ਜਨਰਲ ਸੈਕਟਰੀ ਸਰਬਜੀਤ ਸੋਹੀ ਵੱਲੋਂ ਆਪਣੇ ਕਾਰਜ-ਕਾਲ ਵਿੱਚ ਹੋਏ ਕੰਮਾਂ ਅਤੇ ਹਿਸਾਬ-ਕਿਤਾਬ ਦਾ ਵੇਰਵਾ ਦੱਸਿਆ ਗਿਆ। ਤਿੰਨ ਸਾਲਾਂ ਵਿੱਚ 40 ਹਜ਼ਾਰ ਤੋਂ ਉਪਰ ਦੀ ਰਾਸ਼ੀ ਦੇ ਇਕੱਤਰ ਕਰਨ ਅਤੇ ਖ਼ਰਚਣ ਦਾ ਵੇਰਵਾ ਬਕਾਇਦਾ ਰੂਪ ਵਿੱਚ ਇਕ ਕਿਤਾਬਚੇ ਦੇ ਰੂਪ ਵਿੱਚ ਸਭਾ ਦੇ ਮੈਂਬਰਾਂ ਨੂੰ ਵੰਡਿਆ ਗਿਆ।ਇਸ ਉਪਰੰਤ ਹੋਈ ਚੋਣ ਵਿੱਚ ਜਰਨੈਲ ਸਿੰਘ ਬਾਸੀ ਨੂੰ ਚੇਅਰਮੈਨ, ਮਨਜੀਤ ਸਿੰਘ ਨੂੰ ਵਾਈਸ ਚੇਅਰਮੈਨ, ਰਛਪਾਲ ਹੇਅਰ ਨੂੰ ਕੋਆਰਡੀਨੇਟਰ, ਸਰਬਜੀਤ ਸੋਹੀ ਨੂੰ ਪ੍ਰਧਾਨ, ਪਾਲ ਰਾਊਕੇ ਨੂੰ ਉੱਪ ਪ੍ਰਧਾਨ ਚੁਣਿਆ ਗਿਆ।

ਸਕੱਤਰਾਂ ਦੀ ਟੀਮ ਵਿੱਚ ਦਲਵੀਰ ਹਲਵਾਰਵੀ ਨੂੰ ਜਨਰਲ ਸਕੱਤਰ, ਜਸਵੰਤ ਵਾਗਲਾ ਨੂੰ ਸਹਾਇਕ ਸਕੱਤਰ, ਨਗਿੰਦਰ ਧਾਲੀਵਾਲ ਨੂੰ ਜਾਇੰਟ ਸਕੱਤਰ, ਸ਼ਮਸ਼ੇਰ ਸਿੱਧੂ ਨੂੰ ਸੂਚਨਾ ਸਕੱਤਰ ਚੁਣਿਆ ਗਿਆ। ਸਲਾਹਕਾਰਾਂ ਵਿੱਚ ਰੁਪਿੰਦਰ ਸੋਜ਼ ਨੂੰ ਸਮਾਗਮ ਸਲਾਹਕਾਰ, ਵਰਿੰਦਰ ਅਲੀਸ਼ੇਰ ਨੂੰ ਮੀਡੀਆ ਸਲਾਹਕਾਰ ਅਤੇ ਸੁਰਜੀਤ ਸੰਧੂ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।ਵਿਸ਼ੇਸ਼ ਪ੍ਰਤੀਨਿਧ ਵਜੋਂ ਚਿੱਤਰਕਾਰ ਅਤੇ ਗੀਤਕਾਰ ਆਤਮਾ ਸਿੰਘ ਹੇਅਰ ਕਲਾ ਪ੍ਰਤੀਨਿਧ ਅਤੇ ਲੋਕ ਗਾਇਕ ਮਲਕੀਤ ਧਾਲੀਵਾਲ ਰੋਪੜ ਨੂੰ ਸੰਗੀਤ ਪ੍ਰਤੀਨਿਧ ਵਜੋਂ ਨਵੀਂ ਪੰਦਰਾਂ ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਨੌਜਵਾਨ ਪ੍ਰਗਤੀਵਾਦੀ ਸ਼ਾਇਰ ਅਤੇ ਬੱਸ ਯੂਨੀਅਨ ਆਗੂ ਹਰਮਨਦੀਪ ਸਿੰਘ ਚੜਿੱਕ ਨੂੰ ਸੰਸਥਾ ਦਾ ਅਧਿਕਾਰਿਤ ਬੁਲਾਰਾ ਨਿਯੁਕਤ ਕੀਤਾ ਗਿਆ।

ਅਕਾਦਮੀ ਦੀ ਅੱਜ ਦੀ ਇਸ ਵਿਸ਼ੇਸ਼ ਇਕੱਤਰਤਾ ਤੋਂ ਬਾਅਦ ਆਯੋਜਿਤ ਹੋਏ ਕਵੀ ਦਰਬਾਰ ਵਿੱਚ ਸ਼ਾਮਲ ਸਥਾਨਕ ਕਵੀਆਂ ਵੱਲੋਂ ਕਵਿਤਾ ਪਾਠ ਕੀਤਾ ਗਿਆ ਅਤੇ ਨੌਜਵਾਨ ਲੇਖਕ ਯਾਦਵਿੰਦਰ ਸੰਧੂ ਦਾ ਨਾਵਲ ‘ਵਕਤ ਬੀਤਿਆ ਨਹੀਂ’ ਦਾ ਲੋਕ ਅਰਪਣ ਕੀਤਾ ਗਿਆ । ਸਰਬਜੀਤ ਸੋਹੀ ਨੇ ਯਾਦਵਿੰਦਰ ਸੰਧੂ ਦੀ ਨਾਵਲ ਕਲਾ ਦੀਆਂ ਵਿਸ਼ੇਸ਼ਤਾਵਾਂ ਅਤੇ ਨਾਵਲ ਦੇ ਵਿਸ਼ਾ ਵਸਤੂ ਬਾਰੇ ਸੰਖੇਪ ਵਿੱਚ ਗੱਲ-ਬਾਤ ਕੀਤੀ ਗਈ । ਜਰਨੈਲ ਸਿੰਘ ਬਾਸੀ ਵੱਲੋਂ ਦੱਸਿਆ ਗਿਆ ਕਿ ਇਨਾਲਾ ਗੁਰੂ-ਘਰ ਵੱਲੋਂ ਇਪਸਾ ਆਸਟਰੇਲੀਆ ਵੱਲੋਂ ਸਾਲ ਦੇ ਪਹਿਲੇ ਮਹੀਨੇ 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੇ ਆਯੋਜਿਤ ਕਰਵਾਏ ਜਾ ਰਹੇ ਧਾਰਮਿਕ ਕਵੀ ਦਰਬਾਰ ਲਈ ਪੂਰਨ ਸਹਿਯੋਗ ਮਿਲੇਗਾ ।


Sunny Mehra

Content Editor

Related News