ਅਮਰੀਕਾ ''ਚ ਸਾਰਿਆਂ ਨੂੰ ਕੋਰੋਨਾ ਵੈਕਸੀਨ ਲੈਣੀ ਨਹੀਂ ਹੋਵੇਗੀ ਲਾਜ਼ਮੀ : ਬਾਈਡੇਨ

Sunday, Dec 06, 2020 - 01:45 AM (IST)

ਅਮਰੀਕਾ ''ਚ ਸਾਰਿਆਂ ਨੂੰ ਕੋਰੋਨਾ ਵੈਕਸੀਨ ਲੈਣੀ ਨਹੀਂ ਹੋਵੇਗੀ ਲਾਜ਼ਮੀ : ਬਾਈਡੇਨ

ਵਾਸ਼ਿੰਗਟਨ - ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦਾ ਆਖਣਾ ਹੈ ਕਿ ਕੋਰੋਨਾ ਦੀ ਵੈਕਸੀਨ ਦੇ ਆਉਣ ਤੋਂ ਬਾਅਦ ਵੀ ਅਮਰੀਕੀ ਨਾਗਰਿਕਾਂ 'ਤੇ ਇਸ ਨੂੰ ਲਗਾਉਣ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾਵੇਗਾ। ਅਮਰੀਕਾ ਦੇ ਸੈਂਟਰ ਆਫ ਡਿਜ਼ੀਜ ਕੰਟਰੋਲ (ਸੀ. ਡੀ. ਸੀ.) ਨੇ ਵੀ ਪਹਿਲੀ ਵਾਰ ਲੋਕਾਂ ਨੂੰ ਆਪਣੇ ਘਰਾਂ ਤੋਂ ਇਲਾਵਾ ਹੋਰ ਬੰਦ ਥਾਵਾਂ 'ਤੇ ਵੀ ਮਾਸਕ ਲਾ ਕੇ ਰੱਖਣ ਲਈ ਕਿਹਾ ਹੈ। ਸੀ. ਡੀ. ਸੀ. ਦਾ ਆਖਣਾ ਹੈ ਕਿ ਅਮਰੀਕਾ ਵਿਚ ਮਹਾਮਾਰੀ ਉਸ ਪੜਾਅ ਵਿਚ ਹੈ ਜਿਥੇ ਵਾਇਰਸ ਵੱਡੇ ਪੱਧਰ 'ਤੇ ਪੈਰ ਪਸਾਰ ਰਿਹਾ ਹੈ।

ਸ਼ੁੱਕਰਵਾਰ ਨੂੰ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ 2500 ਲੋਕਾਂ ਦੀ ਮੌਤ ਹੋਈ। ਉਥੇ ਕਰੀਬ 2,25,000 ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਦੇਸ਼ ਵਿਚ ਕੋਰੋਨਾ ਲਾਗ ਦੇ 1.43 ਕਰੋੜ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਸ ਵਾਇਰਸ ਨਾਲ 2,78,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਸ਼ੰਕਾ ਜਤਾਈ ਹੈ ਕਿ ਇਹ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਨਹੀਂ ਹੋਵੇਗਾ ਅਤੇ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਭੀੜ ਘੱਟ ਹੋਵੇਗੀ। ਮੇਰੇ ਖਿਆਲ ਨਾਲ ਪਲੇਟਫਾਰਮ ਸੈਰੇਮਨੀ ਹੋਵੇਗੀ ਪਰ ਪਤਾ ਨਹੀਂ ਇਹ ਕਿਵੇਂ ਸੰਭਵ ਹੋ ਪਾਵੇਗਾ।

ਵੈਕਸੀਨ ਨੂੰ ਲੈ ਕੇ ਕੀ ਹੈ ਬਾਈਡੇਨ ਦੀ ਨੀਤੀ
ਫਿਲਹਾਲ ਕਲੀਨਿਕਲ ਟ੍ਰਾਇਲ ਵਿਚ ਫਾਈਜ਼ਰ ਕੋਰੋਨਾ ਵੈਕਸੀਨ ਦੇ 95 ਫੀਸਦੀ ਅਤੇ ਮਾਡਰਨਾ ਦੀ ਵੈਕਸੀਨ 94 ਫੀਸਦੀ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੋਹਾਂ ਨੇ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਤੋਂ ਆਪਣੀ ਵੈਕਸੀਨ ਦੀ ਮਨਜ਼ੂਰੀ ਮੰਗੀ ਹੈ। ਬੁੱਧਵਾਰ ਨੂੰ ਬ੍ਰਿਟੇਨ ਫਾਈਜ਼ਰ ਵੈਕਸੀਨ ਨੂੰ ਅਧਿਕਾਰਕ ਇਜਾਜ਼ਤ ਲੈਣ ਵਾਲਾ ਪਹਿਲਾਂ ਦੇਸ਼ ਬਣਿਆ। ਸ਼ੁੱਕਰਵਾਰ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸੀ. ਡੀ. ਸੀ. ਦੇ ਦੌਰੇ ਵਿਚ ਕਿਹਾ ਕਿ ਕੋਵਿਡ-19 ਵੈਕਸੀਨ ਨੂੰ ਡੇਢ ਹਫਤੇ ਵਿਚ ਕੇਂਦਰ ਦੀ ਇਜਾਜ਼ਤ ਮਿਲ ਜਾਵੇਗੀ।

ਡੇਲਾਵੇਰ ਦੇ ਵਿਲਮਿੰਗਟਨ ਵਿਚ ਜੋਅ ਬਾਈਡੇਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੋਕਾਂ ਲਈ ਲਾਜ਼ਮੀ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਮੈਂ ਰਾਸ਼ਟਰਪਤੀ ਦੇ ਤੌਰ 'ਤੇ ਲੋਕਾਂ ਨੂੰ ਸਹੀ ਕੰਮ ਲਈ ਹੱਲਾਸ਼ੇਰੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਅਤੇ ਜਦ ਉਹ ਅਜਿਹਾ ਕਰਨਗੇ ਤਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਕਿੰਨਾ ਅਹਿਮ ਹੈ।

ਪੀਓ ਰਿਸਰਚ ਸੈਂਟਰ ਦਾ ਆਖਣਾ ਹੈ ਕਿ ਫਿਲਹਾਲ 60 ਫੀਸਦੀ ਅਮਰੀਕੀ ਕੋਰੋਨਾ ਦੀ ਵੈਕਸੀਨ ਲਈ ਤਿਆਰ ਹਨ। ਸਤੰਬਰ ਵਿਚ 51 ਫੀਸਦੀ ਲੋਕ ਅਜਿਹਾ ਕਰਨਾ ਚਾਹੁੰਦੇ ਸਨ। ਵੀਰਵਾਰ ਨੂੰ ਬਾਈਡੇਨ ਨੇ ਸੀ. ਐੱਨ. ਐੱਨ. ਨਿਊਜ਼ ਚੈਨਲ ਨੂੰ ਕਿਹਾ ਕਿ ਉਹ ਜਨਤਕ ਤੌਰ 'ਤੇ ਵੈਕਸੀਨ ਲੈਣ ਨੂੰ ਤਿਆਰ ਹਨ ਤਾਂ ਜੋ ਇਸ ਨਾਲ ਸਬੰਧਿਤ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ। 3 ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਬੁਸ਼ ਅਤੇ ਬਿਲ ਕਲਿੰਟਨ ਨੇ ਵੀ ਕਿਹਾ ਹੈ ਕਿ ਉਹ ਜਨਤਕ ਤੌਰ 'ਤੇ ਵੈਕਸੀਨ ਲੈਣ ਨੂੰ ਤਿਆਰ ਹਨ। ਬਾਈਡੇਨ ਨੇ ਫਿਰ ਤੋਂ ਅਮਰੀਕੀ ਲੋਕਾਂ ਤੋਂ ਆਪਣੀ ਅਪੀਲ ਨੂੰ ਦੁਹਰਾਇਆ ਹੈ ਕਿ ਲੋਕਾਂ ਨੂ 100 ਦਿਨਾਂ ਤੱਕ ਮਾਸਕ ਪਾਉਣਾ ਚਾਹੀਦਾ ਹੈ ਅਤੇ ਇਹ ਕਦਮ ਵੈਕਸੀਨ ਦੇ ਨਾਲ ਮਿਲ ਕੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕੇਗਾ।


author

Khushdeep Jassi

Content Editor

Related News