ਪਾਕਿਸਤਾਨੀ ਰਾਜਦੂਤ ਨੂੰ ਐੱਫ-16 ਮਾਮਲੇ ਸਬੰਧੀ ਅਮਰੀਕੀ ਅਪੀਲ ਬਾਰੇ ਕੋਈ ਜਾਣਕਾਰੀ ਨਹੀਂ
Tuesday, Mar 05, 2019 - 05:15 PM (IST)

ਵਾਸ਼ਿੰਗਟਨ— ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਨੇ ਇਥੇ ਕਿਹਾ ਹੈ ਕਿ ਭਾਰਤ ਨਾਲ ਹਾਲ ਹੀ 'ਚ ਹੋਈ ਹਵਾਈ ਝੜਪ 'ਚ ਐੱਫ-16 ਜਹਾਜ਼ਾਂ ਦੀ ਵਰਤੋਂ ਕੀਤੇ ਜਾਣ ਬਾਰੇ ਅਮਰੀਕਾ ਤੋਂ ਮਿਲੀ ਕਿਸੇ ਵੀ ਅਪੀਲ ਬਾਰੇ ਉਹ ਜਾਣੂ ਨਹੀਂ ਹਨ। ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਸਬੂਤ ਦੇ ਤੌਰ 'ਤੇ ਹਵਾ 'ਚ ਤਬਾਹ ਕਰਨ ਵਾਲੀ ਮਿਜ਼ਾਇਲ ਅਮਰਾਮ ਦੇ ਹਿੱਸੇ ਦਿਖਾਏ ਹਨ। ਉਸ ਦਾ ਟੀਚਾ ਸਪੱਸ਼ਟ ਰੂਪ ਨਾਲ ਇਹ ਸਾਬਿਤ ਕਰਨ ਦਾ ਸੀ ਕਿ ਪਾਕਿਸਤਾਨ ਨੇ ਕਸ਼ਮੀਰ 'ਚ ਭਾਰਤੀ ਫੌਜ ਕੈਂਪਾਂ ਨੂੰ ਨਿਸ਼ਾਨਾ ਬਣਾਉਣ 'ਚ ਐੱਫ-16 ਜਹਾਜ਼ਾਂ ਦੀ ਵਰਤੋਂ ਕੀਤੀ ਹੈ।
ਅਸਲ 'ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਦੀ ਅੱਤਵਾਦ ਰੋਕੂ ਕਾਰਵਾਈ ਦੇ ਅਗਲੇ ਹੀ ਦਿਨ ਪਾਕਿਸਤਾਨ ਨੇ ਭਾਰਤ ਦੇ ਹਵਾਈ ਖੇਤਰ ਦੀ ਉਲੰਘਣ ਕੀਤਾ ਸੀ। ਪਾਕਿਸਤਾਨ ਨੇ ਐੱਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਕਰਨ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ ਤੇ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਉਸ ਦਾ ਕੋਈ ਜਹਾਜ਼ ਤਬਾਹ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਵਾਸ਼ਿੰਗਟਨ ਭਾਰਤ ਦੇ ਖਿਲਾਫ ਅਮਰੀਕਾ ਦੇ ਬਣੇ ਐੱਫ-16 ਜਹਾਜ਼ਾਂ ਦੀ ਸ਼ੱਕੀ ਦੁਰਵਰਤੋਂ 'ਤੇ ਪਾਕਿਸਤਾਨ ਤੋਂ ਹੋਰ ਜ਼ਿਆਦਾ ਜਾਣਕਾਰੀ ਮੰਗ ਰਿਹਾ ਹੈ। ਇਨ੍ਹਾਂ ਜਹਾਜ਼ਾਂ ਦੀ ਸਪਲਾਈ ਲਈ ਹੋਏ ਸਮਝੌਤੇ ਦਾ ਉਲੰਘਣ ਕਰਨ ਨੂੰ ਲੈ ਕੇ ਪਾਕਿਸਤਾਨ ਤੋਂ ਇਹ ਜਾਣਕਾਰੀ ਮੰਗੀ ਗਈ ਹੈ।
ਅਮਰੀਕੀ ਥਿੰਕ ਟੈਂਕ ਯੂ.ਐੱਸ. ਇੰਸਟੀਚਿਊਟ ਆਫ ਪੀਸ 'ਚ ਖਾਨ ਨੇ ਵਾਸ਼ਿੰਗਟਨ ਦੇ ਲੋਕਾਂ ਨੂੰ ਦੱਸਿਆ ਕਿ ਐੱਫ-16 'ਤੇ ਮੈਂ ਨਹੀਂ ਜਾਣਦਾ, ਭਾਰਤ ਹੋਰ ਵੀ ਦੋਸ਼ ਲਗਾ ਰਿਹਾ ਹੈ। ਅਸੀਂ ਉਨ੍ਹਾਂ ਦੇ ਦੋਸ਼ਾਂ 'ਤੇ ਗੌਰ ਨਹੀਂ ਕਰ ਰਹੇ। ਐੱਫ-16 ਨੂੰ ਲੈ ਕੇ ਅਮਰੀਕਾ ਵਲੋਂ ਕੀਤੀ ਗਈ ਅਪੀਲ ਨੂੰ ਲੈ ਕੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਅਮਰੀਕਾ 'ਐਂਡ ਯੂਜ਼ਰ ਸਮਝੌਤੇ' ਦੇ ਉਲੰਘਣ ਕਰਕੇ ਭਾਰਤ ਦੇ ਖਿਲਾਫ ਐੱਫ-16 ਦੀ ਕਥਿਤ ਦੁਰਵਰਤੋਂ 'ਤੇ ਜ਼ਿਆਦਾ ਜਾਣਕਾਰੀ ਮੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਸਵਾਲ ਇਹ ਹੈ ਕਿ ਪਾਕਿਸਤਾਨ 'ਤੇ ਇਹ ਲਾਗੂ ਹੈ ਜਾਂ ਨਹੀਂ। ਅਮਰੀਕਾ 'ਚ ਨਿਯੁਕਤ ਪਾਕਿਸਤਾਨੀ ਰਾਜਦੂਤ ਨੇ ਕਿਹਾ ਕਿ ਮੈਂ ਉਨ੍ਹਾਂ ਸਮਝੌਤਿਆਂ ਨੂੰ ਨਹੀਂ ਦੇਖਿਆ ਹੈ। ਮੈਂ ਉਨ੍ਹਾਂ 'ਤੇ ਕੋਈ ਟਿੱਪਣੀ ਕਰਨ ਦੀ ਸਥਿਤੀ 'ਚ ਨਹੀਂ ਹਾਂ। ਅਮਰੀਕਾ ਵਿਸ਼ਵ ਭਰ 'ਚ ਉੱਚ ਤਕਨੀਕ ਵਾਲੇ ਫੌਜੀ ਸਾਜੋ-ਸਾਮਾਨ ਸਭ ਤੋਂ ਵੱਡਾ ਸਪਲਾਇਰ ਹੈ। ਨਾਲ ਹੀ ਉਹ ਫੌਜੀ ਸਾਜੋ-ਸਾਮਾਨ ਦੀ ਦੁਰਵਰਤੋਂ ਦੇ ਸਾਰੇ ਦੋਸ਼ਾਂ ਨੂੰ ਵੀ ਬਹੁਤ ਗੰਭੀਰਤਾ ਨਾਲ ਲੈਂਦਾ ਹੈ।
ਖਾਨ ਨੇ ਕਿਹਾ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਦੂਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਵਿਚਾਲੇ ਸਬੰਧ ਦੇ ਬਾਰੇ 'ਚ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਤਾਲਮੇਲ ਦੇ ਮਾਮਲੇ 'ਚ ਮੈਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਦੇ ਵਿਚਾਲੇ ਗੱਲਬਾਤ ਸ਼ੁਰੂ ਕਰਨ ਲਈ ਕੋਈ ਚੰਗਾ ਤਾਲਮੇਲ ਹੈ ਜਾਂ ਨਹੀਂ।