ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸ ਨੂੰ ਲੈ ਕੇ ਦਿੱਤੀ ਚੇਤਾਵਨੀ
Friday, Jul 22, 2022 - 03:56 PM (IST)

ਸਿਓਲ (ਏਜੰਸੀ) - ਉੱਤਰੀ ਕੋਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਦੱਖਣੀ ਕੋਰੀਆ ਸੰਯੁਕਤ ਫੌਜੀ ਅਭਿਆਸ ਸਮੇਤ ਉਸ ਦੇ ਖ਼ਿਲਾਫ਼ ਆਪਣੀ ਦੁਸ਼ਮਣੀ ਫੌਜੀ ਮੁਹਿੰਮ ਨੂੰ ਬੰਦ ਨਹੀਂ ਕਰਦੇ ਹਨ ਤਾਂ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ “ਜ਼ਬਰਦਸਤ” ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉੱਤਰੀ ਕੋਰੀਆ ਕਿਸੇ ਵੀ ਨਿਯਮਤ ਅਮਰੀਕੀ-ਦੱਖਣੀ ਕੋਰੀਆ ਦੀ ਫੌਜੀ ਸਿਖਲਾਈ ਨੂੰ ਹਮਲੇ ਦੀ ਰਿਹਰਸਲ ਵਜੋਂ ਦੇਖਦਾ ਹੈ, ਹਾਲਾਂਕਿ ਉਸਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉੱਤਰੀ ਕੋਰੀਆ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਅਮਰੀਕਾ ਅਤੇ ਦੱਖਣੀ ਕੋਰੀਆ ਇਸ ਸਾਲ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਤੋਂ ਬਾਅਦ ਗਰਮੀਆਂ ਦੇ ਮੌਸਮ ਦੌਰਾਨ ਸਿਖਲਾਈ ਗਤੀਵਿਧੀਆਂ ਵਧਾਉਣ ਦੀ ਤਿਆਰੀ ਕਰ ਰਹੇ ਹਨ। ਵਿਦੇਸ਼ ਮੰਤਰਾਲਾ ਦੇ ਇਕ ਥਿੰਕ ਟੈਂਕ 'ਇੰਸਟੀਟਿਊਟ ਆਫ ਡਿਸਾਰਮੇਂਟ ਐਂਡ ਪੀਸ' ਦੇ ਡਿਪਟੀ ਡਾਇਰੈਕਟਰ ਜਨਰਲ ਚੋ ਜਿਨ ਨੇ ਵੀਰਵਾਰ ਨੂੰ ਪਿਓਂਗਯਾਂਗ ਵਿੱਚ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਜੇਕਰ ਅਮਰੀਕਾ ਅਤੇ ਉਸਦੇ ਸਹਿਯੋਗੀ ਸਾਡੇ ਨਾਲ ਫੌਜੀ ਟਕਰਾਅ ਦਾ ਬਦਲ ਚੁਣਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦੇ ਲਿਹਾਜ ਨਾਲ ਜ਼ਬਰਦਸਤ ਅਸਥਿਰਤਾ ਦਾ ਸਾਹਮਣਾ ਕਰਨਾ ਪਵੇਗਾ।'