ਪਾਕਿ ’ਚ ਗੈਰ-ਮੁਸਲਿਮ ਕੁੜੀਆਂ ਨੂੰ ਅਗਵਾ ਕਰਨ ’ਚ ਮੀਆਂ ਮਿੱਠੂ ਦਾ ਹੱਥ, ਬਾਜਵਾ ਨਾਲ ਨੇ ਡੂੰਘੇ ਸਬੰਧ

9/14/2020 9:03:09 AM

ਗੁਰਦਾਸਪੁਰ/ਪਾਕਿਸਤਾਨ, (ਜ. ਬ.)- ਪਾਕਿਸਤਾਨ ’ਚ ਗੈਰ ਮੁਸਲਿਮ ਕੁੜੀਆਂ ਨੂੰ ਅਗਵਾ ਕਰਵਾਉਣ, ਧਰਮ ਪਰਿਵਰਤਨ ਕਰ ਕੇ ਨਿਕਾਹ ਅਗਵਾ ਕਰਨ ਵਾਲਿਆਂ ਜਾਂ ਅਧੇੜੀ ਉਮਰ ਦੇ ਲੋਕਾਂ ਨਾਲ ਕਰਵਾਉਣ ਦੇ ਜ਼ਿਆਦਾਤਰ ਮਾਮਲਿਆਂ ’ਚ ਪਾਕਿਸਤਾਨ ਦੇ ਇਕ ਮੀਆਂ ਮਿੱਠੂ ਦਾ ਨਾਮ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਮੀਆਂ ਮਿੱਠੂ ਦੀ ਪਹੁੰਚ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਤੱਕ ਹੈ ਅਤੇ ਸਰਕਾਰ ’ਚ ਵੀ ਉਸ ਦੀ ਪੈਠ ਕਾਫੀ ਹੈ, ਲਗਭਗ 157 ਹਿੰਦੂ ਕੁੜੀਆਂ ਨੂੰ ਅਗਵਾ ਕਰਵਾ ਚੁੱਕਾ ਹੈ।

ਵੈਸੇ ਤਾਂ ਇਸ ਮੀਆਂ ਮਿੱਠੂ ਦਾ ਨਾਮ ਖੁੱਲ੍ਹ ਕੇ ਤਾਂ ਇਕ ਕ੍ਰਿਸ਼ਚੀਅਨ 14 ਸਾਲਾ ਸਾਰਾ ਬੀਬੀ ਨਿਵਾਸੀ ਫੈਸਲਾਬਾਦ ਦੇ ਅਗਵਾ ਕਰਨ ਵਾਲਿਆਂ ਤੋਂ ਛੁੱਟ ਕੇ ਆਪਣੇ ਘਰ ਪਹੁੰਚਣ ਦੇ ਬਾਅਦ ਸਾਹਮਣੇ ਆਇਆ ਹੈ। ਸਾਰਾ ਬੀਬੀ ਦਾ 16-9-2019 ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰ ਕੇ ਅਗਵਾ ਕਰਨ ਵਾਲਿਆਂ ਨਾਲ ਹੀ ਨਿਕਾਹ ਕਰ ਦਿੱਤਾ ਗਿਆ ਸੀ। ਲਾਹੌਰ ਹਾਈਕੋਰਟ ਨੇ ਵੀ ਸਾਰਾ ਬੀਬੀ ਨੂੰ ਉਸ ਦੇ ਪਤੀ ਨੂੰ ਸੌਂਪਣ ਦਾ ਪੁਲਸ ਨੂੰ ਨਿਰਦੇਸ਼ ਦਿੱਤਾ ਸੀ ਪਰ ਉਹ ਕੁਝ ਦਿਨ ਪਹਿਲੇ ਅਗਵਾਕਰਤਾ ਦੇ ਚੰਗੁਲ ਤੋਂ ਭੱਜਣ ’ਚ ਸਫ਼ਲ ਹੋਈ ਸੀ ਅਤੇ ਉਸ ਨੇ ਦੱਸਿਆ ਸੀ ਕਿ ਗੈਰ ਮੁਸਲਿਮ ਕੁੜੀਆਂ ਨੂੰ ਅਗਵਾ ਕਰਨ ਦੇ ਪਿਛੇ ਇਕ ਮੀਆਂ ਮਿੱਠੂ ਨਾਮ ਦੇ ਬਜ਼ੁਰਗ ਮੁਸਲਿਮ ਵਿਅਕਤੀ ਦਾ ਹੱਥ ਹੁੰਦਾ ਹੈ।

16 ਜੂਨ, 2020 ਨੂੰ ਕਰਾਚੀ ਤੋਂ ਹਿੰਦੂ ਕੁੜੀ ਕਾਇਨਾਤ ਮੇਘਾਵਰ (18) ਦੇ ਅਗਵਾ ਕਰਨ, ਧਰਮ ਪਰਿਵਰਤਨ ਕਰ ਕੇ ਇਕ 57 ਸਾਲ ਦੇ ਵਿਅਕਤੀ ਮੁਹੰਮਦ ਅਸਰਫ ਨਾਲ ਨਿਕਾਹ ਕਰ ਦਿੱਤਾ ਗਿਆ ਹੈ। ਕਾਇਨਾਤ ਦੇ ਅਗਵਾ ’ਚ ਵੀ ਮੀਆਂ ਮਿੱਠੂ ਦਾ ਹੱਥ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ, ਨਨਕਾਣਾ ਸਾਹਿਬ ਤੋਂ ਸਿੱਖ ਲੜਕੀ ਜਗਜੀਤ ਕੌਰ ਦੇ ਅਗਵਾ ’ਚ ਵੀ ਮੀਆਂ ਮਿੱਠੂ ਦਾ ਹੱਥ ਪਾਇਆ ਗਿਆ। 27 ਅਗਸਤ, 2020 ਨੂੰ ਲਾਹੌਰ ਹਾਈਕੋਰਟ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਸੀ ਕਿ ਜਗਜੀਤ ਕੌਰ ਨੂੰ ਉਸ ਦੇ ਮੁਸਲਿਮ ਪਤੀ ਨੂੰ ਸੌਂਪਿਆ ਜਾਵੇ। ਕਸਬਾ ਗੋਤਕੀ ਤੋਂ 16 ਅਗਸਤ, 2020 ਨੂੰ 17 ਸਾਲ ਦੀ ਹਿੰਦੂ ਲੜਕੀ ਸਨਮ ਨੂੰ ਅਗਵਾ ਕੀਤਾ ਗਿਆ ਹੈ, ਉਦੋਂ ਤਾਂ ਮੀਆਂ ਮਿੱਠੂ ਨੇ ਜਨਤਕ ਰੂਪ ਵਿਚ ਐਲਾਨ ਕੀਤਾ ਸੀ ਕਿ ਉਹ ਗੈਰ-ਮੁਸਲਿਮ ਲੜਕੀਆਂ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੂੰ ਪਨਾਹ ਵੀ ਦੇਵੇਗਾ ਅਤੇ ਮਦਦ ਵੀ ਕਰੇਗਾ। ਜਦਕਿ ਮੀਰਪੁਰ ਖਾਸ ਕਸਬੇ ਤੋਂ 19 ਅਗਸਤ, 2020 ਨੂੰ ਅਗਵਾ ਕੀਤੀ ਹਿੰਦੂ ਵਿਆਹੁਤਾ ਲੜਕੀ ਰਾਣੀ ਭਾਈ ਦਾ ਉਸ ਦੇ ਬੱਚੇ ਨਾਲ ਅਗਵਾ ਕੀਤਾ ਗਿਆ ਅਤੇ ਮੀਆਂ ਮਿੱਠੂ ਦੀ ਹਾਜ਼ਰੀ ਵਿਚ ਰਾਣੀ ਭਾਈ ਦਾ ਅਗਵਾ ਕਰਨ ਵਾਲਿਆਂ ਨਾਲ ਨਿਕਾਹ ਕਰਵਾਇਆ ਗਿਆ।

ਕੌਣ ਹੈ ਇਹ ਮੀਆਂ ਮਿੱਠੂ?

ਪਾਕਿਸਤਾਨ ਵਿਚ ਲਗਭਗ 157 ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਮੁੰਡਿਆਂ ਨਾਲ ਨਿਕਾਹ ਕਰਵਾਉਣ ’ਚ ਸਫ਼ਲ ਹੋਣ ਵਾਲੇ ਮੀਆਂ ਮਿੱਠੂ ਦਾ ਅਸਲੀ ਨਾਮ ਮੀਆਂ ਅਬਦੁੱਲ ਹੱਕ ਹੈ। ਉਹ ਇਕ ਵਾਰ ਚੂੰਡੀ ਸਰੀਫ ਦਰਗਾਹ ਮਸਜਿਦ ਦਾ ਇੰਚਾਰਜ ਵੀ ਰਿਹਾ ਹੈ। ਉਹ ਸਾਲ 2008 ਤੋਂ 2013 ਤੱਕ ਰਾਸ਼ਟਰੀ ਐਸੰਬਲੀ ਦਾ ਮੈਂਬਰ ਵੀ ਰਹਿ ਚੁੱਕਾ ਹੈ। ਸਾਲ 2015 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉਸ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸ ਸਮੇਂ ਮੀਆਂ ਮਿੱਠੂ ਦੇ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨਾਲ ਡੂੰਘੇ ਸਬੰਧ ਹਨ ਅਤੇ ਉਹ ਜਦ ਚਾਹੇ ਬਾਜਵਾ ਨਾਲ ਮਿਲ ਸਕਦਾ ਹੈ।
 


Lalita Mam

Content Editor Lalita Mam