ਹਾਂਗਕਾਂਗ ’ਚ ਮੀਡੀਆ ਟਾਈਕੂਨ ਜਿਮੀ ਲਾਇ ਸਮੇਤ ਲੋਕਤੰਤਰ ਸਮਰਥਕ 9 ਨੇਤਾਵਾਂ ਨੂੰ ਜੇਲ ਦੀ ਸਜ਼ਾ

04/17/2021 1:02:01 PM

ਹਾਂਗਕਾਂਗ : ਹਾਂਗਕਾਂਗ ਦੀ ਇਕ ਅਦਾਲਤ ਨੇ ਲੋਕਤੰਤਰ ਸਮਰਥਕ 5 ਲੋਕਾਂ ਨੂੰ ਸ਼ੁੱਕਰਵਾਰ ਜੇਲ ਭੇਜ ਦਿੱਤਾ ਹੈ, ਜਿਸ ’ਚ ਮੀਡੀਆ ਕਾਰੋਬਾਰੀ ਜਿਮੀ ਲਾਏ ਵੀ ਸ਼ਾਮਲ ਹੈ। ਇਨ੍ਹਾਂ ਲੋਕਾਂ ਨੂੰ 2019 ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਇਕ ਰੈਲੀ ਦਾ ਆਯੋਜਨ ਕਰਨ ਲਈ 18 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬੀਜਿੰਗ ਨੇ ਲੋਕਤੰਤਰ ਸਮਰਥਕਾਂ ’ਤੇ ਸਖਤ ਕਾਰਵਾਈ ਸ਼ੁਰੂ ਕੀਤੀ ਸੀ। ਕੁਲ 9 ਲੋਕਤੰਤਰ ਸਮਰਥਕਾਂ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ ਪਰ ਉਨ੍ਹਾਂ ’ਚੋਂ 82 ਸਾਲਾ ਵਕੀਲ ਤੇ ਸਾਬਕਾ ਸੰਸਦ ਮੈਂਬਰ ਮਾਰਟਿਨ ਲੀ ਸਮੇਤ ਚਾਰ ਲੋਕਾਂ ਦੀ ਸਜ਼ਾਂ ਉਨ੍ਹਾਂ ਦੀ ਉਮਰ ਅਤੇ ਪ੍ਰਾਪਤੀਆਂ ਨੂੰ ਧਿਆਨ ’ਚ ਰੱਖਦਿਆਂ ਮੁਲਤਵੀ ਰੱਖੀ ਗਈ ਹੈ।

ਉਨ੍ਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਅਗਸਤ 2019 ’ਚ ਵੱਡੀ ਪੱਧਰ ’ਤੇ ਪ੍ਰਦਰਸ਼ਨ ਦਾ ਆਯੋਜਨ ਕਰਨ ਤੇ ਉਸ ਵਿਚ ਹਿੱਸਾ ਲੈਣ ਲਈ ਦੋਸ਼ੀ ਪਾਇਆ ਗਿਆ, ਜਿਥੇ ਤਕਰੀਬਨ 17 ਲੱਖ ਲੋਕਾਂ ਨੇ ਇਕ ਬਿੱਲ ਦੇ ਵਿਰੋਧ ’ਚ ਮਾਰਚ ਕੀਤਾ। ਇਸ ਬਿੱਲ ’ਚ ਸ਼ੱਕੀਆਂ ਨੂੰ ਚੀਨ ਹਵਾਲੇ ਕਰਨ ਦਾ ਪ੍ਰਬੰਧ ਸੀ। ਪੁਲਸ ਨੇ ਮਾਰਚ ਨੂੰ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਤੇ ਸਜ਼ਾ ਦਿੱਤੇ ਜਾਣ ਨਾਲ ਲੋਕਤੰਤਰ ਅੰਦੋਲਨ ਨੂੰ ਇਕ ਹੋਰ ਝਟਕਾ ਲੱਗਾ ਹੈ। ਅੰਦੋਲਨ ਨੂੰ ਬੀਜਿੰਗ ਤੇ ਹਾਂਗਕਾਂਗ ਦੇ ਅਧਿਕਾਰੀ ਪੂਰੀ ਤਰ੍ਹਾਂ ਕੁਚਲਣ ’ਚ ਲੱਗੇ ਹੋਏ ਹਨ। ਅਦਾਲਤ ਨੇ 82 ਸਾਲਾ ਵਕੀਲ ਤੇ ਸਾਬਕਾ ਸੰਸਦ ਮੈਂਬਰ ਲੀ ਦੀ 11 ਮਹੀਨਿਆਂ ਦੀ ਕੈਦ ਦੀ ਸਜ਼ਾ ਨੂੰ 2 ਸਾਲਾਂ ਲਈ ਮੁਲਤਵੀ ਕਰ ਦਿੱਤਾ।

ਉਹ ਮਨੁੱਖੀ ਅਧਿਕਾਰਾਂ ਤੇ ਲੋਕਤੰਤਰ ਲਈ ਜਾਣੇ ਜਾਂਦੇ ਹਨ। ਹਾਂਗਕਾਂਗ ਐਪਲ ਡੇਲੀ ਟੈਬਲਾਇਡ ਦੇ ਸੰਸਥਾਪਕ ਲਾਇ ਨੂੰ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਹੋਰ ਦੋਸ਼ਾਂ ’ਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਲੋਕਤੰਤਰ ਸਮਰਥਕ ਇਕ ਹੋਰ ਕਾਰਕੁੰਨ ਲੀ ਚਿਉਕ ਯਾਨ ਨੂੰ 12 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਸਾਬਕਾ ਸੰਸਦ ਮੈਂਬਰ ਹੈ, ਜਿਸ ਨੇ ਬੀਜਿੰਗ ਦੇ ਥਿਆਨਮੇਨ ਚੌਕ ’ਤੇ 1989 ’ਚ ਲੋਕਤੰਤਰ ਸਮਰਥਕ ਲੋਕਾਂ ਦੀ ਹੱਤਿਆ ਦੇ ਵਿਰੋਧ ’ਚ ਹਾਂਗਕਾਂਗ ’ਚ ਦਿਨ ਵੇਲੇ ਮੋਮਬੱਤੀ ਜਲੂਸ ਕੱਢਿਆ ਸੀ। ਵਕੀਲ ਅਲਬਰਟ ਹੋ ਤੇ ਮਾਰਗ੍ਰੇਟ ਐਨਜੀ ਦੀ 12 ਮਹੀਨੇ ਜੇਲ ਦੀ ਸਜ਼ਾ ਨੂੰ ਦੋ ਸਾਲਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।


Anuradha

Content Editor

Related News