ਬੰਦ ਹੋਣ ਕੰਢੇ ਉਦਯੋਗ! 9 ਦਿਨਾਂ ਤੋਂ ਜਾਰੀ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਚਿੰਤਾ 'ਚ ਡੁੱਬੇ ਵਪਾਰੀ

Wednesday, Dec 17, 2025 - 01:54 PM (IST)

ਬੰਦ ਹੋਣ ਕੰਢੇ ਉਦਯੋਗ! 9 ਦਿਨਾਂ ਤੋਂ ਜਾਰੀ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਚਿੰਤਾ 'ਚ ਡੁੱਬੇ ਵਪਾਰੀ

ਕਰਾਚੀ (ANI) : ਪਾਕਿਸਤਾਨ ਦੇ ਪ੍ਰਮੁੱਖ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਕਾਰਗੋ ਟਰਾਂਸਪੋਰਟਰਾਂ ਦੀ ਹੜਤਾਲ ਲਗਾਤਾਰ ਨੌਂ ਦਿਨਾਂ ਤੋਂ ਜਾਰੀ ਹੈ, ਜਿਸ ਕਾਰਨ ਕਾਰੋਬਾਰੀ ਆਗੂਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸ਼ਹਿਰ ਦੀਆਂ ਆਰਥਿਕ ਗਤੀਵਿਧੀਆਂ ਰੁਕ ਸਕਦੀਆਂ ਹਨ ਅਤੇ ਸਥਾਨਕ ਉਤਪਾਦਨ ਬੰਦ ਹੋ ਸਕਦਾ ਹੈ। ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਿੰਧ ਸਰਕਾਰ ਨੂੰ ਇਸ ਸੰਕਟ ਨੂੰ ਹੱਲ ਕਰਨ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਹ ਹੜਤਾਲ ਉਦਯੋਗਿਕ ਉਤਪਾਦਨ ਅਤੇ ਸਪਲਾਈ ਚੇਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।

ਓਵਰਸੀਜ਼ ਇਨਵੈਸਟਰਜ਼ ਚੈਂਬਰਜ਼ ਆਫ਼ ਕਾਮਰਸ ਇੰਡਸਟਰੀ (ਓ.ਆਈ.ਸੀ.ਸੀ.ਆਈ.) ਦੇ ਸਕੱਤਰ ਜਨਰਲ ਨੇ ਸਿੰਧ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਥਿਤੀ ਦੇਸ਼ ਦੇ ਉਦਯੋਗ ਅਤੇ ਵਣਜ ਲਈ ਬਹੁਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਮੈਂਬਰਾਂ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਤੋਂ ਆਉਣ ਵਾਲੇ ਟਰੱਕ ਅਜੇ ਵੀ ਕਰਾਚੀ ਵਿੱਚ ਦਾਖਲ ਨਹੀਂ ਹੋ ਸਕਦੇ ਤੇ ਬੰਦਰਗਾਹ ਦਾ ਕੰਮਕਾਜ ਕਾਫੀ ਹੱਦ ਤੱਕ ਰੁਕਿਆ ਹੋਇਆ ਹੈ। ਓ.ਆਈ.ਸੀ.ਸੀ.ਆਈ. ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਉਤਪਾਦਨ ਲਾਈਨਾਂ ਬੰਦ ਹੋ ਗਈਆਂ ਹਨ, ਜਦੋਂ ਕਿ ਹੋਰ ਕੰਪਨੀਆਂ ਮੰਗਲਵਾਰ ਅਤੇ ਬੁੱਧਵਾਰ ਦੇ ਵਿਚਕਾਰ ਉਤਪਾਦਨ ਬੰਦ ਕਰਨ ਦੀ ਉਮੀਦ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਜ਼ਰੂਰੀ ਕੱਚਾ ਮਾਲ ਤੇ ਤਿਆਰ ਮਾਲ ਹਾਈਵੇਅ 'ਤੇ ਫਸਿਆ ਹੋਇਆ ਹੈ।

ਪਾਕਿਸਤਾਨ ਵਨਸਪਤੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਪੀ.ਵੀ.ਐੱਮ.ਏ.) ਦੇ ਚੇਅਰਮੈਨ ਨੇ ਚਿਤਾਵਨੀ ਦਿੱਤੀ ਕਿ ਖਾਣ ਵਾਲੇ ਤੇਲ, ਘਿਓ ਤੇ ਹੋਰ ਜ਼ਰੂਰੀ ਵਸਤੂਆਂ ਦੀ ਸਪਲਾਈ 'ਚ ਵਿਘਨ ਪਿਆ ਹੈ ਤੇ ਕੱਚੇ ਮਾਲ ਦੀ ਢੋਆ-ਢੁਆਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੱਚੇ ਮਾਲ ਦੀ ਸਪਲਾਈ ਰੁਕਣ ਨਾਲ ਪੂਰੀ ਉਤਪਾਦਨ ਪ੍ਰਕਿਰਿਆ ਖ਼ਤਰੇ ਵਿੱਚ ਪੈ ਜਾਵੇਗੀ। ਦਰਾਮਦ ਕੀਤੇ ਗਏ ਮਾਲ ਦੀ ਡਿਲੀਵਰੀ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਮਾਲ ਬੰਦਰਗਾਹਾਂ 'ਤੇ ਫਸੇ ਹਨ, ਜਿਸ ਨਾਲ ਕਾਰੋਬਾਰਾਂ ਨੂੰ ਡੈਮਰੇਜ ਅਤੇ ਡਿਟੈਂਸ਼ਨ ਫੀਸਾਂ ਕਾਰਨ ਵੱਡਾ ਵਿੱਤੀ ਨੁਕਸਾਨ ਹੋਣ ਦਾ ਖਤਰਾ ਹੈ।

ਪਾਕਿਸਤਾਨ ਐਸੋਸੀਏਸ਼ਨ ਆਫ ਲਾਰਜ ਸਟੀਲ ਪ੍ਰੋਡਿਊਸਰਜ਼ ਨੇ ਕਿਹਾ ਕਿ ਹੜਤਾਲ ਦਾ ਉਦਯੋਗਿਕ ਉਤਪਾਦਨ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਘਨ ਜਾਰੀ ਰਿਹਾ ਤਾਂ ਕਰਮਚਾਰੀਆਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ ਅਤੇ ਤਨਖਾਹਾਂ ਵਿੱਚ ਕਟੌਤੀ ਹੋ ਸਕਦੀ ਹੈ, ਨਾਲ ਹੀ ਪਾਕਿਸਤਾਨ ਦੀ ਉਦਯੋਗਿਕ ਸਾਖ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਟਰ ਵਾਹਨ ਆਰਡੀਨੈਂਸ 2025 ਨੂੰ ਸੋਧਣ ਅਤੇ ਟਰਾਂਸਪੋਰਟਰਾਂ ਨਾਲ ਗੱਲਬਾਤ ਕਰਨ। ਟਰਾਂਸਪੋਰਟ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਆਰਡੀਨੈਂਸ ਦੀਆਂ ਵਿਵਾਦਪੂਰਨ ਧਾਰਾਵਾਂ ਵਾਪਸ ਨਹੀਂ ਲਈਆਂ ਜਾਂਦੀਆਂ ਜਾਂ ਸੋਧੀਆਂ ਨਹੀਂ ਜਾਂਦੀਆਂ, ਉਦੋਂ ਤੱਕ ਦੇਸ਼ ਭਰ ਵਿੱਚ ਮਾਲ ਅਤੇ ਯਾਤਰੀਆਂ ਲਈ ਟਰਾਂਸਪੋਰਟ ਮੁਅੱਤਲ ਰਹੇਗੀ।


author

Baljit Singh

Content Editor

Related News