ਵੈਨਜ਼ੁਏਲਾ 'ਚ ਮਾਦੁਰੋ ਦੇ ਪੱਖ ਅਤੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨ

04/07/2019 9:36:32 AM

ਕਾਰਾਕਸ, (ਭਾਸ਼ਾ)— ਵੈਨਜ਼ੁਏਲਾ 'ਚ ਹਜ਼ਾਰਾਂ ਲੋਕਾਂ ਨੇ ਸ਼ਨੀਵਾਰ ਨੂੰ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਪੱਖ 'ਚ ਰੈਲੀਆਂ ਕੱਢੀਆਂ। ਇਸ ਦੇ ਇਲਾਵਾ ਆਪਣੇ ਆਪ ਨੂੰ ਅੰਤ੍ਰਿਮ ਰਾਸ਼ਟਰਪਤੀ ਘੋਸ਼ਿਤ ਕਰਨ ਵਾਲੇ ਜੁਆਨ ਗੁਇਡੋ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ। ਵੈਨਜ਼ੁਏਲਾ ਦੀ ਰਾਜਧਾਨੀ ਕਾਰਾਕਸ 'ਚ ਸਰਕਾਰ ਦੇ ਸਮਰਥਕਾਂ ਨੇ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਪੋਸਟਰ ਲੈ ਕੇ ਰੈਲੀਆਂ ਕੱਢ ਕੇ ਸਰਕਾਰੀ ਕੰਪਨੀ ਕੋਰਪੋਇਲੇਕ ਦੇ ਪੱਖ 'ਚ ਇਕਜੁਟਤਾ ਦਿਖਾਈ ਹੈ। ਮਾਦੁਰੋ ਨੇ ਟਵਿੱਟਰ 'ਤੇ ਲਿਖਿਆ,''ਸਮਰਾਜਵਾਦ ਵਿਰੋਧੀ ਵੈਨਜ਼ੁਏਲਾ ਨੂੰ ਦਿਖਾਉਣ ਲਈ ਕਾਰਾਕਸ ਦੀਆਂ ਸੜਕਾਂ ਨੂੰ ਖੁਸ਼ੀ ਅਤੇ ਲੋਕ ਰੰਗਾਂ ਨਾਲ ਭਰੋ। ਸ਼ਾਂਤੀ ਤੇ ਰਾਸ਼ਟਰੀ ਸੁਤੰਤਰਤਾ ਨੂੰ ਬਚਾ ਕੇ ਰੱਖੋ। ਕਿਸੇ ਵੀ ਦਖਲ ਅੰਦਾਜ਼ੀ ਨੂੰ ਨਾਂਹ ਕਰੋ।'' 
ਜ਼ਿਕਰਯੋਗ ਹੈ ਕਿ ਵੈਨਜ਼ੁਏਲਾ 'ਚ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਉਸ 'ਤੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਉਣ ਤੋਂ ਇਲਾਵਾ ਕਿਹਾ ਹੈ ਕਿ ਉਹ ਫੌਜੀ ਬਦਲ 'ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰੀ ਅਸੈਂਬਲੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਡੋ ਨੇ 23 ਜਨਵਰੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਲ ਹੀ ਖੁਦ ਨੂੰ ਦੇਸ਼ ਦਾ ਅੰਤ੍ਰਿਮ ਰਾਸ਼ਟਰਪਤੀ ਐਲਾਨ ਕੀਤਾ ਸੀ।


ਇਹ ਦੇਸ਼ ਦੇ ਰਹੇ ਨੇ ਗੁਇਡੋ ਦਾ ਸਾਥ—
ਅਮਰੀਕਾ ਦੇ ਇਲਾਵਾ ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਕੋਸਟਾ ਰਿਕਾ, ਗੁਆਟੇਮਾਲਾ, ਹੋਂਡੁਰਾਸ, ਪਨਾਮਾ, ਪੈਰਾਗਵੇ ਅਤੇ ਪੇਰੂ ਸਮੇਤ 54 ਦੇਸ਼ਾਂ ਨੇ ਵਿਰੋਧੀ ਨੇਤਾ ਜੁਆਨ ਗੁਇਡੋ ਨੂੰ ਵੈਨਜ਼ੁਏਲਾ ਦੇ ਅੰਤ੍ਰਿਮ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇਣ ਦੀ ਘੋਸ਼ਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਵੈਨਜ਼ੁਏਲਾ 'ਚ ਹਜ਼ਾਰਾਂ ਲੋਕ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਗੁਇਡੋ ਕਰ ਰਹੇ ਹਨ। ਜਨਵਰੀ ਦੀ ਸ਼ੁਰੂਆਤ 'ਚ ਮਾਦੁਰੋ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਦੂਜੇ ਕਾਰਜਕਾਲ ਦੀ ਸਹੁੰ ਲਈ ਸੀ। ਹਾਲ 'ਚ ਹੋਈਆਂ ਚੋਣਾਂ 'ਚ ਉਨ੍ਹਾਂ 'ਤੇ ਗੜਬੜੀ ਕਰਨ ਦੇ ਦੋਸ਼ ਲੱਗੇ ਸਨ। ਮਾਦੁਰੋ ਦੀ ਅਗਵਾਈ 'ਚ ਕਈ ਸਾਲਾਂ ਤੋਂ ਵੈਨਜ਼ੁਏਲਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਧਦੀਆਂ ਕੀਮਤਾਂ , ਖਾਣ-ਪੀਣ ਅਤੇ ਦਵਾਈਆਂ ਦੀ ਕਮੀ ਕਾਰਨ ਲੱਖਾਂ ਲੋਕਾਂ ਨੇ ਵੈਨਜ਼ੁਏਲਾ ਤੋਂ ਪਲਾਇਨ ਵੀ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਵੈਨਜ਼ੁਏਲਾ ਦੇ 27 ਲੱਖ ਲੋਕਾਂ ਨੇ ਲੈਟਿਨ ਅਮਰੀਕੀ ਅਤੇ ਕੈਰੇਬੀਆਈ ਦੇਸ਼ਾਂ 'ਚ ਸ਼ਰਣ ਲਈ ਹੋਈ ਹੈ।


Related News