ਇਮਰਾਨ ਖਾਨ ਦਾ ਹੋਇਆ ਕਤਲ! ਮੌਤ ਦੀ ਉੱਡੀ ਖ਼ਬਰ, ਰਾਵਲਪਿੰਡੀ ''ਚ ਹਾਈ ਅਲਰਟ
Wednesday, Nov 26, 2025 - 04:14 PM (IST)
ਵੈੱਬ ਡੈਸਕ : ਪਾਕਿਸਤਾਨ 'ਚ ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਰਚਾਵਾਂ ਤੇਜ਼ ਹੋ ਗਈਆਂ ਹਨ। ਰਾਵਲਪਿੰਡੀ ਦੀ ਆਦੀਆਲਾ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੇ ਕਥਿਤ ਤੌਰ 'ਤੇ 'ਕਤਲ ਕੀਤੇ ਜਾਣ' ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲਣ ਤੋਂ ਬਾਅਦ ਪੂਰੇ ਸਿਆਸੀ ਮਾਹੌਲ ਵਿੱਚ ਤਣਾਅ ਵੱਧ ਗਿਆ ਹੈ।
ਅਫਵਾਹਾਂ ਅਤੇ ਹਾਈ ਅਲਰਟ
ਅਫਗਾਨਿਸਤਾਨ ਟਾਈਮਜ਼ (Afghanistan Times) ਨਾਮਕ ਮੀਡੀਆ ਆਊਟਲੈਟ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਕਿ ਇਮਰਾਨ ਖਾਨ ਦੀ ਜੇਲ੍ਹ ਵਿੱਚ ਮੌਤ ਹੋ ਚੁੱਕੀ ਹੈ। ਇਸ ਖ਼ਬਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਇਮਰਾਨ ਖਾਨ ਦੀ ਪਾਰਟੀ, ਪੀਟੀਆਈ (PTI), ਦੇ ਸਮਰਥਕ ਵੱਡੀ ਗਿਣਤੀ ਵਿੱਚ ਜੇਲ੍ਹ ਵੱਲ ਮਾਰਚ ਕਰਨ ਲੱਗੇ। ਹਾਲਾਤ ਨੂੰ ਦੇਖਦੇ ਹੋਏ, ਅੱਤਵਾਦ ਵਿਰੋਧੀ ਅਦਾਲਤ (ATC) ਨੇ ਰਾਵਲਪਿੰਡੀ ਦੇ ਆਸ-ਪਾਸ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਦਾ ਆਦੇਸ਼ ਦਿੱਤਾ ਅਤੇ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜੇਲ੍ਹ ਪ੍ਰਸ਼ਾਸਨ 'ਤੇ ਸਵਾਲ
ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਸ਼ੱਕ ਇਸ ਲਈ ਵਧਿਆ ਹੈ ਕਿਉਂਕਿ ਪਾਕਿਸਤਾਨ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਦਾਅਵਿਆਂ ਦਾ ਸਪੱਸ਼ਟ ਖੰਡਨ ਨਹੀਂ ਕੀਤਾ ਹੈ। ਇਮਰਾਨ ਖਾਨ ਦੀ ਭੈਣ ਆਲੀਮਾ ਖਾਨ ਨੇ ਮੰਗਲਵਾਰ (25 ਨਵੰਬਰ) ਨੂੰ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦਿਆਂ ਦੋਸ਼ ਲਾਇਆ ਕਿ ਪਰਿਵਾਰ ਨੂੰ ਤਿੰਨ ਹਫ਼ਤਿਆਂ ਤੋਂ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਾਕਿਸਤਾਨੀ ਅਖਬਾਰ 'ਡਾਨ' ਦੇ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਨਹੇਂ ਵਕੀਲ ਅਤੇ ਨਾ ਹੀ ਡਾਕਟਰ ਨੂੰ ਇਮਰਾਨ ਖਾਨ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਪੱਤਰਕਾਰਾਂ ਅਨੁਸਾਰ ਲਗਭਗ ਇੱਕ ਹਫ਼ਤੇ ਤੋਂ ਜੇਲ੍ਹ ਦੇ ਕਿਸੇ ਵੀ ਕਰਮਚਾਰੀ ਨੇ ਇਮਰਾਨ ਖਾਨ ਨੂੰ ਨਹੀਂ ਦੇਖਿਆ ਹੈ। ਪੀਟੀਆਈ ਦੇ ਇੱਕ ਹੋਰ ਨੇਤਾ ਅਬਦੁਲ ਸਮਦ ਨੇ ਦਾਅਵਾ ਕੀਤਾ ਕਿ ਦੋ ਹਫ਼ਤਿਆਂ ਤੋਂ ਇਮਰਾਨ ਖਾਨ ਨਾਲ ਕਿਸੇ ਵੀ ਪ੍ਰਕਾਰ ਦਾ ਸੰਪਰਕ ਸੰਭਵ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੂੰ 2023 ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਜੇਲ੍ਹ ਵਿੱਚ ਉਨ੍ਹਾਂ ਨਾਲ ਕੋਈ ਹਾਦਸਾ ਹੁੰਦਾ ਹੈ, ਤਾਂ ਇਸਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਦੀ ਹੋਵੇਗੀ। ਪੀਟੀਆਈ ਨੇਤਾਵਾਂ ਨੇ ਲੋਕਾਂ ਨੂੰ 'ਇਮਰਾਨ ਦੀ ਆਜ਼ਾਦੀ' ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ, ਜਿਸ ਕਾਰਨ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ।
