ਪਾਕਿਸਤਾਨ 'ਚ ਵਿਆਹ ਦੇ 5 ਦਿਨ ਬਾਅਦ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤ 'ਚੋਂ ਮਿਲੀ ਲਾਸ਼

Thursday, Feb 16, 2023 - 10:52 AM (IST)

ਸਿੰਧ (ਏਜੰਸੀ): ਪਾਕਿਸਤਾਨ ਦੇ ਸੂਬੇ ਸਿੰਧ ਦੇ ਸੰਘਰ ਡਿਵੀਜ਼ਨ ਵਿੱਚ ਪਾਕਿਸਤਾਨੀ ਹਿੰਦੂ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਪੀੜਤ ਦਾ ਇਸੇ ਮਹੀਨੇ 8 ਫਰਵਰੀ ਨੂੰ ਵਿਆਹ ਹੋਇਆ ਸੀ ਅਤੇ ਉਹ 11 ਫਰਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਆਪਣੀ ਪਤਨੀ ਅਤੇ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਆਪਣੇ ਦੋਸਤਾਂ (ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ) ਨਾਲ ਕੁਝ ਘੰਟੇ ਬਿਤਾਉਣ ਲਈ ਬਾਹਰ ਜਾ ਰਿਹਾ ਹੈ। ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ ਅਤੇ 13 ਫਰਵਰੀ ਨੂੰ ਉਸ ਦੀ ਲਾਸ਼ ਖੀਪਰੋ ਪਿੰਡ ਵਿੱਚ ਆਪਣੇ ਘਰ ਦੇ ਨੇੜੇ ਇੱਕ ਖੇਤ ਵਿੱਚ ਪਈ ਮਿਲੀ। ਪੁਲਸ ਅਨੁਸਾਰ ਦੌਲਤ ਕੋਹਲੀ ਦੀ ਲਾਸ਼ ਮਿਲਣ ਤੋਂ ਘੱਟੋ-ਘੱਟ 12 ਘੰਟੇ ਪਹਿਲਾਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ।  ਉਥੇ ਹੀ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੇ 2 ਸਥਾਨਕ ਮੁਸਲਿਮ ਦੋਸਤਾਂ ਨੇ ਮਾਰ ਦਿੱਤਾ ਹੈ, ਜਿਨ੍ਹਾਂ ਨੂੰ 10 ਫਰਵਰੀ ਨੂੰ ਦੌਲਤ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ ਸੀ, ਜਦੋਂ ਉਸ ਨੇ ਉਨ੍ਹਾਂ ਨੂੰ 2000 ਪਾਕਿਸਤਾਨੀ ਰੁਪਏ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਖਾਰਿਜ, ਜਾਣਾ ਪੈ ਸਕਦੈ ਜੇਲ੍ਹ

ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਪੀੜਤ ਦੇ ਦੋਸਤ ਨੂੰ ਪੁੱਛਗਿੱਛ ਲਈ ਬੁਲਾਉਣ 'ਚ ਅਸਫਲ ਰਹੀ ਹੈ। ਪਾਕਿਸਤਾਨੀ ਸਰਕਾਰ ਵੱਲੋਂ ਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਵਾਰ-ਵਾਰ ਦਾਅਵਿਆਂ ਦੇ ਬਾਵਜੂਦ, ਘੱਟ ਗਿਣਤੀ ਹਿੰਦੂ ਭਾਈਚਾਰੇ ਉੱਤੇ ਮੁਸਲਿਮ ਕੱਟੜਪੰਥੀਆਂ ਅਤੇ ਜਾਗੀਰਦਾਰਾਂ ਵੱਲੋਂ ਬੇਰੋਕ ਵਹਿਸ਼ੀਆਨਾ ਹਮਲੇ ਚਿੰਤਾਜਨਕ ਰਫ਼ਤਾਰ ਨਾਲ ਲਗਾਤਾਰ ਜਾਰੀ ਹਨ। ਪਾਕਿਸਤਾਨ 'ਚ ਹਿੰਦੂਆਂ ਵਿਰੁੱਧ ਹਾਲੀਆ ਅਪਰਾਧਾਂ ਵਿਚ ਹੋਏ ਵਾਧੇ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਕੇ ਰੱਖ ਦਿੱਤੀ ਹੈ, ਕਿ ਉਸ ਨੇ ਦੇਸ਼ 'ਚ ਘੱਟ ਗਿਣਤੀਆਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਇਸਲਾਮਿਕ ਦੇਸ਼ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂਆਂ ਨੂੰ ਅਕਸਰ ਨਫ਼ਰਤ, ਅਗਵਾ, ਬਲਾਤਕਾਰ, ਜ਼ਬਰਦਸਤੀ ਵਿਆਹ ਅਤੇ ਮੌਤ ਆਦਿ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਏ 27 ਸਾਲਾ ਭਾਰਤੀ ਗੱਭਰੂ ਦੀ ਮੌਤ


cherry

Content Editor

Related News