ਹੁਣ ਨਿਊਜ਼ੀਲੈਂਡ ''ਚ ਬੱਚਿਆਂ ਦੀ ਮੌਜੂਦਗੀ ''ਚ ਸਿਗਰਟਨੋਸ਼ੀ ਹੋਵੇਗੀ ਬੈਨ

Sunday, Feb 10, 2019 - 03:44 PM (IST)

ਹੁਣ ਨਿਊਜ਼ੀਲੈਂਡ ''ਚ ਬੱਚਿਆਂ ਦੀ ਮੌਜੂਦਗੀ ''ਚ ਸਿਗਰਟਨੋਸ਼ੀ ਹੋਵੇਗੀ ਬੈਨ

ਵੈਲਿੰਗਟਨ— ਨਿਊਜ਼ੀਲੈਂਡ ਦੀ ਸਰਕਾਰ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਦੇਸ਼ 'ਚ ਵਧੀਆ ਉਪਰਾਲਾ ਕਰਨ ਜਾ ਰਹੀ ਹੈ। ਸਰਕਾਰ ਦੇ ਇਕ ਮੰਤਰੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਪਾਰਲੀਮੈਂਟ 'ਚ ਇਕ ਅਜਿਹਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਕਾਰ 'ਚ ਬੱਚਿਆਂ ਦੀ ਮੌਜੂਦਗੀ 'ਚ ਸਿਗਰਟਨੋਸ਼ੀ 'ਤੇ ਪਾਬੰਦੀ ਲੱਗ ਜਾਵੇਗੀ। ਇਸ ਦੀ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਦਿੱਤੀ ਹੈ।

ਨਿਊਜ਼ੀਲੈਂਡ ਦੇ ਸਿਹਤ ਸਬੰਧੀ ਮੰਤਰੀ ਜੈਨੀ ਸਾਲੇਸਾ ਨੇ ਐਤਵਾਰ ਨੂੰ ਕਿਹਾ ਕਿ ਇਸ ਸੋਧ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਇਸ ਨਿਯਮ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਵਾਰਨਿੰਗ ਜਾਂ 50 ਨਿਊਜ਼ੀਲੈਂਡ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਖਾਸ ਕਰਕੇ ਮਾਓਰੀ ਤੇ ਪੈਸੀਫਿਕ 'ਚ ਸਿਗਰਟਨੋਸ਼ੀ ਦੇ ਪੱਧਰ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਮਾਪਿਆਂ ਵਲੋਂ ਕੀਤੀ ਜਾਂਦੀ ਸਿਗਰਟਨੋਸ਼ੀ ਨਾਲ ਬੱਚਿਆਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।

ਜੈਨੀ ਨੇ ਕਿਹਾ ਕਿ ਬੱਚਿਆਂ ਦੀ ਸਿਹਤ 'ਤੇ ਪੈ ਰਹੇ ਸਿਗਰਟਨੋਸ਼ੀ ਦੇ ਅਸਰ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਹ ਨਿਯਮ ਇਸ ਸਾਲ ਦੇ ਅਖੀਰ ਤੱਕ ਲਾਗੂ ਹੋ ਸਕਦਾ ਹੈ।


author

Baljit Singh

Content Editor

Related News