ਨਿਊਜ਼ੀਲੈਂਡ ਦੀ PM ਨੂੰ ਕੈਫੇ ਨੇ ਬਾਹਰੋਂ ਹੀ ਭੇਜਿਆ ਵਾਪਸ, ਜਾਣੋ ਕੀ ਹੈ ਮਾਮਲਾ

Sunday, May 17, 2020 - 12:41 PM (IST)

ਨਿਊਜ਼ੀਲੈਂਡ ਦੀ PM ਨੂੰ ਕੈਫੇ ਨੇ ਬਾਹਰੋਂ ਹੀ ਭੇਜਿਆ ਵਾਪਸ, ਜਾਣੋ ਕੀ ਹੈ ਮਾਮਲਾ

ਵਲਿੰਗਟਨ- ਨਿਊਜ਼ੀਲੈਂਡ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਰੈਸਟਰੈਂਟ ਅਤੇ ਕੈਫੇ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਸਮਾਜਿਕ ਦੂਰੀ ਦੇ ਇਨ੍ਹਾਂ ਨਿਯਮਾਂ ਦੇ ਮੱਦੇਨਜ਼ਰ ਜਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਕ ਰੈਸਟੋਰੈਂਟ ਪੁੱਜੀ ਤਾਂ ਉਨ੍ਹਾਂ ਨੂੰ ਕੋਈ ਵਿਸ਼ੇਸ਼ ਛੋਟ ਨਾ ਮਿਲੀ ਅਤੇ ਉਨ੍ਹਾਂ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ, ਜਿਸ ਦੇ ਬਾਅਦ ਉਨ੍ਹਾਂ ਨੂੰ ਉੱਥੋਂ ਵਾਪਸ ਜਾਣਾ ਪਿਆ।

ਅਸਲ ਵਿਚ ਜੈਸਿੰਡਾ ਆਪਣੇ ਮੰਗੇਤਰ ਕਲਾਰਕ ਗੇਫੋਰਡ ਨਾਲ ਸ਼ਨੀਵਾਰ ਸ਼ਾਮ ਨੂੰ ਰਾਜਧਾਨੀ ਵਲਿੰਗਟਨ ਸਥਿਤ ਆਲਿਵ ਰੈਸਟੋਰੈਂਟ ਪੁੱਜੀ ਸੀ ਪਰ ਨਿਯਮਾਂ ਤਹਿਤ ਰੈਸਟੋਰੈਂਟ ਵਿਚ ਇਕ ਮੀਟਰ ਦੀ ਦੂਰੀ ਬਣਾਉਣਾ ਜ਼ਰੂਰੀ ਹੈ। ਇਸ ਕਾਰਨ ਰੈਸਟੋਰੈਂਟ ਨੇ ਮਹਿਮਾਨਾਂ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ ਹੈ। ਇਸ ਦੇ ਬਾਅਦ ਜੋ ਹੋਇਆ ਉਸ ਦੀ ਜਾਣਕਾਰੀ ਰੈਸਟੋਰੈਂਟ ਵਿਚ ਮੌਜੂਦ ਵਿਅਕਤੀ ਨੇ ਟਵੀਟ ਕਰਕੇ ਦਿੱਤੀ। 

ਜੋਏ ਨਾਂ ਦੇ ਯੂਜ਼ਰ ਨੇ ਟਵੀਟ ਕਰਦਿਆਂ ਕਿਹਾ, "ਹੇ ਭਗਵਾਨ ਜੈਸਿੰਡਾ ਆਰਡਨ ਨੇ ਆਲਿਵ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਥਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ।" ਪ੍ਰਧਾਨ ਮੰਤਰੀ ਦੇ ਮੰਗੇਤਰ ਨੇ ਬਾਅਦ ਵਿਚ ਇਸ ਦਾ ਜਵਾਬ ਦਿੰਦਿਆਂ ਲਿਖਿਆ , "ਮੈਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਮੈਂ ਹੋਰ ਥਾਂ 'ਤੇ ਬੁਕਿੰਗ ਦਾ ਪ੍ਰਬੰਧ ਨਾ ਕਰਵਾ ਸਕਿਆ। ਜਦ ਕੋਈ ਥਾਂ ਖਾਲੀ ਹੁੰਦੀ ਹੈ ਤਾਂ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਨਾ ਚੰਗਾ ਲੱਗਦਾ ਹੈ।" 

ਜਦ ਘਟਨਾ ਨੂੰ ਲੈ ਕੇ ਆਰਡਨ ਦੀ ਪ੍ਰਤੀਕਿਰਿਆ ਮੰਗੀ ਗਈ ਤਾਂ ਉਨ੍ਹਾਂ ਦੇ ਦਫਤਰ ਨੇ ਈਮੇਲ ਵਿਚ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ ਵਿਚ ਲੱਗੀਆਂ ਪਾਬੰਦੀਆਂ ਕਾਰਨ ਕੈਫੇ ਦੇ ਬਾਹਰ ਇੰਤਜ਼ਾਰ ਕਰਨਾ ਕੁਝ ਅਜਿਹਾ ਹੈ, ਜਿਸ ਦਾ ਸਭ ਨੂੰ ਅਨੁਭਵ ਕਰਨਾ ਪੈ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਹੋਰ ਲੋਕਾਂ ਦੀ ਤਰ੍ਹਾਂ ਇੰਤਜ਼ਾਰ ਕਰ ਰਹੀ ਸੀ। 
ਜ਼ਿਕਰਯੋਗ ਹੈ ਕਿ ਕੋਰਨਾ ਵਾਇਰਸ ਨਾਲ ਨਜਿੱਠਣ ਵਿਚ ਆਰਡਨ ਦੇ ਤੇਜ਼ ਤੇ ਸਹੀ ਫੈਸਲਿਆਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਮਾਰਚ ਵਿਚ ਨਿਊਜ਼ੀਲੈਂਡ ਨੇ ਆਪਣੀਆਂ ਸੀਮਾਵਾਂ ਨੂੰ ਬੰਦ ਕਰਦੇ ਹੋਏ ਦੇਸ਼ ਵਿਚ ਲਾਕਡਾਊਨ ਲਾਗੂ ਕਰ ਦਿੱਤਾ ਸੀ, ਜਿਸ ਕਾਰਨ ਵਾਇਰਸ ਨੂੰ ਕੰਟਰੋਲ ਕਰਨ ਵਿਚ ਕਾਫੀ ਸਫਲਤਾ ਮਿਲੀ। 


author

Lalita Mam

Content Editor

Related News