ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਮੀਡੀਆ ਹਾਊਸ ''Stuff'' 1 ਡਾਲਰ ''ਚ ਵਿਕਿਆ
Monday, May 25, 2020 - 06:07 PM (IST)

ਵੈਲਿੰਗਟਨ (ਬਿਊਰੋ): ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਹੇਠਾਂ ਵੱਲ ਜਾ ਰਹੀ ਹੈ। ਲਾਕਡਾਊਨ ਕਾਰਨ ਉਦਯੋਗਾਂ ਦੀ ਹਾਲਤ ਖਰਾਬ ਹੈ। ਉੱਥੇ ਨਿਊਜ਼ੀਲੈਂਡ ਤੋਂ ਇਕ ਅਜਿਹੀ ਖਬਰ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਮੌਜੂਦਾ ਸਮੇਂ ਜਿੱਥੇ ਮੀਡੀਆ ਸੰਸਥਾਵਾਂ ਕਿਸੇ ਵੀ ਤਰ੍ਹਾਂ ਲੋਕਾਂ ਤੱਕ ਖਬਰਾਂ ਪਹੁੰਚਾ ਰਹੀਆਂ ਹਨ ਉੱਥੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਮੀਡੀਆ ਘਰਾਂ ਵਿਚੋਂ ਇਕ ਨੂੰ ਉਸ ਦੇ ਮਾਲਕਾਂ ਨੇ ਸਿਰਫ 1 ਡਾਲਰ ਵਿਚ ਵੇਚ ਦਿੱਤਾ ਹੈ। ਅਸਲ ਵਿਚ ਇਹ ਸੌਦਾ ਇਸ ਮੀਡੀਆ ਹਾਊਸ ਦੇ ਮਾਲਕਾਂ ਨੇ ਇਸ ਨੂੰ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੇ ਨਾਲ ਕੀਤਾ ਹੈ। ਮਾਲਕਾਂ ਨੇ ਮੀਡੀਆ ਹਾਊਸ ਨੂੰ ਸਿਰਫ 1 ਡਾਲਰ ਵਿਚ ਵੇਚਣ ਦਾ ਫੈਸਲਾ ਕੀਤਾ ਹੈ।
'Stuff' ਨਿਊਜ਼ੀਲੈਂਡ ਦੇ ਕਈ ਦੈਨਿਕ ਅਖਬਾਰਾਂ ਨੂੰ ਛਾਪਦਾ ਹੈ ਅਤੇ ਇਸੇ ਨਾਮ ਨਾਲ ਇਕ ਮਸ਼ਹੂਰ ਨਿਊਜ਼ ਵੈਬਸਾਈਟ ਚਲਾਉਂਦਾ ਹੈ। ਇਸ ਵਿਚ 400 ਪੱਤਰਕਾਰਾਂ ਸਮੇਤ ਲੱਗਭਗ 900 ਕਰਮਚਾਰੀ ਕੰਮ ਕਰਦੇ ਹਨ।ਆਸਟ੍ਰੇਲੀਆ ਦੇ ਨਾਈਨ ਐਂਟਰਟੈਨਮੈਂਟ ਦੀ ਮਲਕੀਅਤ ਵਾਲਾ 'Stuff' ਮਹਾਮਾਰੀ ਤੋਂ ਪਹਿਲਾਂ ਹੀ ਵਿੱਤੀ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਨੂੰ ਦਿੱਤੇ ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ 'Stuff' ਨੂੰ ਸੀ.ਈ.ਓ. ਸਿਨੈਡ ਬਾਊਚਰ ਨੂੰ ਵੇਚਿਆ ਜਾਵੇਗਾ ਅਤੇ ਇਹ ਪੂਰੀ ਕਾਰਵਾਈ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ ਤੇ ਭੰਨ-ਤੋੜ, ਦੋਸ਼ੀ ਸ਼ਖਸ ਗ੍ਰਿਫਤਾਰ (ਤਸਵੀਰਾਂ)
ਨਾਈਨ ਦੇ ਸੀ.ਈ.ਓ. ਹਿਊਗ ਮਾਰਕਸ ਨੇ ਕਿਹਾ,''ਅਸੀਂ ਮੰਨਦੇ ਹਾਂ ਕਿ ਨਿਊਜ਼ੀਲੈਂਡ ਵਿਚ ਮੁਕਾਬਲੇ ਅਤੇ ਖਪਤਕਾਰਾਂ ਦੇ ਹਿਸਾਬ ਨਾਲ ਇਹ ਸਭ ਤੋਂ ਸਹੀ ਹੋਵੇਗਾ।'' ਸੀ.ਈ.ਓ. ਬਾਊਚਰ ਨੇ ਕਿਹਾ ਕਿ ਉਹਨਾਂ ਦੀ ਯੋਜਨਾ ਕਰਮਚਾਰੀਆਂ ਨੂੰ ਕੰਪਨੀ ਵਿਚ ਸ਼ੇਅਰਧਾਰਕ ਦੇ ਰੂਪ ਵਿਚ ਸਿੱਧੀ ਹਿੱਸੇਦਾਰੀ ਦੇਣ ਦੀ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਰੋਧੀ ਮੀਡੀਆ ਕੰਪਨੀ NZME "Stuff" ਨੂੰ ਖਰੀਦਣਾ ਚਾਹੁੰਦੀ ਸੀ।