ਨਿਊਜ਼ੀਲੈਂਡ ਦੇ ਤੱਟ ''ਤੇ ਫਸੀਆਂ 145 ਪਾਇਲਟ ਵ੍ਹੇਲਾਂ ਦੀ ਮੌਤ
Monday, Nov 26, 2018 - 11:30 AM (IST)

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਦੂਰ-ਦੁਰਾਡੇ ਤੱਟ ਦੇ ਫਸੀਆਂ ਸਾਰੀਆਂ 145 ਪਾਇਲਟ ਵ੍ਵੇਲਾਂ ਦੀ ਮੌਤ ਹੋ ਗਈ। ਭਾਵੇਂਕਿ ਬਚਾਅ ਕਰਮਚਾਰੀਆਂ ਨੂੰ ਆਸ ਹੈ ਕਿ ਉਹ ਉਨ੍ਹਾਂ 8 ਛੋਟੀਆਂ ਕਿਲਰ ਵ੍ਹੇਲ ਨੂੰ ਬਚਾ ਲੈਣਗੇ ਜੋ ਦੇਸ਼ ਦੇ ਦੂਜੇ ਹਿੱਸੇ ਵਿਚ ਸੋਮਵਾਰ ਨੂੰ ਵੀ ਫਸੀਆਂ ਰਹੀਆਂ। ਸ਼ਨੀਵਾਰ ਨੂੰ ਸਟੀਵਰਟ ਟਾਪੂ 'ਤੇ ਇਕ ਹਾਈਕਰ ਨੇ ਵ੍ਹੇਲ ਦੇ ਦੋ ਸਮੂਹਾਂ ਨੂੰ ਫਸੇ ਦੇਖਿਆ ਸੀ। ਇਹ ਸਮੂਹ ਇਕ-ਦੂਜੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਨ। ਇਨ੍ਹਾਂ ਵਿਚੋਂ 75 ਮਰ ਚੁੱਕੀਆਂ ਸਨ ਅਤੇ ਬਾਕੀ ਦੀ ਹਾਲਤ ਬਹੁਤ ਖਰਾਬ ਸੀ।
ਬਚਾਅ ਵਿਭਾਗ ਦੇ ਇਕ ਅਧਿਕਾਰੀ ਰੇਨ ਲੇਪਨਸ ਨੇ ਦੱਸਿਆ ਕਿ ਇਹ ਵ੍ਹੇਲਾਂ ਰੇਤ ਵਿਚ ਅੱਧੀਆਂ ਦੱਬੀਆਂ ਹੋਈਆਂ ਸਨ। ਉਨ੍ਹਾਂ ਦੀ ਖਰਾਬ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਇਸ ਦਰਦ ਤੋਂ ਮੁਕਤੀ ਦਿਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਮਗਰੋਂ ਐਤਵਾਰ ਨੂੰ 10 ਛੋਟੇ ਆਕਾਰ ਦੀਆਂ ਕਿਲਰ ਵ੍ਹੇਲ ਉੱਤਰੀ ਟਾਪੂ 'ਤੇ ਫਸੀਆਂ ਦੇਖੀਆਂ ਗਈਆਂ। ਉਨ੍ਹਾਂ ਵਿਚੋਂ 2 ਮਰ ਚੁੱਕੀਆਂ ਸਨ।