''ਨਿਊਯਾਰਕ ਭਾਰਤੀ ਫਿਲਮ ਮਹਾਉਤਸਵ'' ''ਚ ਸ਼੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Monday, Apr 16, 2018 - 05:41 PM (IST)
ਨਿਊਯਾਰਕ (ਭਾਸ਼ਾ)— ਅਮਰੀਕਾ ਦੇ ਨਿਊਯਾਰਕ ਵਿਚ ਅਗਲੇ ਮਹੀਨੇ ਨਿਊਯਾਰਕ ਭਾਰਤੀ ਫਿਲਮ ਮਹਾਉਤਸਵ ਹੋ ਰਿਹਾ ਹੈ। ਇਸ ਮਹਾਉਤਸਵ ਵਿਚ ਮਰਹੂਮ ਅਭਿਨੇਤਾ ਸ਼ਸ਼ੀ ਕਪੂਰ ਅਤੇ ਅਭਿਨੇਤਰੀ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਫਿਲਮ ਮਹਾਉਤਸਵ 'ਚ ਔਰਤਾਂ ਨਾਲ ਸੰਬੰਧਤ ਮੁੱਦਿਆਂ, ਸਮਲਿੰਗੀ ਦੇ ਅਧਿਕਾਰਾਂ, ਅੱਤਵਾਦ ਅਤੇ ਯੂਥ ਨਾਲ ਜੁੜੇ ਵਰਗੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ 70 ਤੋਂ ਵਧ ਫਿਲਮਾਂ ਦਿਖਾਈਆਂ ਜਾਣਗੀਆਂ।
ਇਸ ਦਾ ਮਕਸਦ ਭਾਰਤੀ ਉੱਪ ਮਹਾਦੀਪ ਦੇ ਕਲਾਕਾਰਾਂ ਅਤੇ ਫਿਲਮਕਾਰਾਂ ਨੂੰ ਅਮਰੀਕੀ ਦਰਸ਼ਕਾਂ ਨਾਲ ਜੋੜਨਾ ਹੈ। ਨਿਊਯਾਰਕ ਭਾਰਤੀ ਫਿਲਮ ਮਹਾਉਤਸਵ ਦਾ ਆਯੋਜਨ ਅਗਲੇ ਮਹੀਨੇ ਦੀ 7 ਤਰੀਕ ਤੋਂ ਕੀਤਾ ਜਾ ਰਿਹਾ ਹੈ। ਇਸ ਦੀ ਸਮਾਪਤੀ 12 ਮਈ ਨੂੰ ਹੋਵੇਗੀ। ਇਸ ਦੌਰਾਨ 11 ਭਾਸ਼ਾਵਾਂ ਦੀਆਂ 78 ਫਿਲਮਾਂ, ਦਸਤਾਵੇਜ਼ੀ ਅਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਭਾਸ਼ਾਵਾਂ 'ਚ ਹਿੰਦੀ, ਅੰਗਰੇਜ਼ੀ, ਮਰਾਠੀ, ਮਲਿਆਲਮ, ਤਮਿਲ, ਤੇਲਗੂ, ਕੰਨੜ, ਤੁਲੁ, ਕੋਂਕਣੀ, ਬੰਗਾਲੀ ਅਤੇ ਅਸਮੀ ਸ਼ਾਮਲ ਹਨ।
ਗੈਰ-ਲਾਭਕਾਰੀ, ਕਲਾ ਸੰਗਠਨ ਇੰਡੋ-ਅਮਰੀਕਨ ਆਟਰਸ ਕੌਂਸਲ ਦੇ ਕਾਰਜਕਾਰੀ ਅਤੇ ਕਲਾਤਮਕ ਡਾਇਰੈਕਟਰ ਅਰੁਣ ਸ਼ਿਵਦਾਸਾਨੀ ਨੇ ਕਿਹਾ ਕਿ ਇਹ ਫਿਲਮਾਂ ਔਰਤਾਂ ਅਤੇ ਪੁਰਸ਼ ਸਮਲਿੰਗੀ, ਟਰਾਂਸਜੈਂਡਰਾਂ, ਅੱਤਵਾਦ, ਬੱਚਿਆਂ ਦੀ ਅਸਲੀ ਜ਼ਿੰਦਗੀ ਨਾਲ ਜੂਝਦੇ ਜੀਵਨ ਸਮੇਤ ਔਰਤਾਂ ਦੇ ਹੋਰ ਮੁੱਦਿਆਂ 'ਤੇ ਕੇਂਦਰਿਤ ਹੋਵੇਗੀ। ਇਸ ਫਿਲਮ ਮਹਾਉਤਸਵ ਦੀ ਸ਼ੁਰੂਆਤ ਮਰਾਠੀ ਫਿਲਮ 'ਨਿਊਡ' ਤੋਂ ਅਤੇ ਸਮਾਪਤੀ 'ਓਮੇਤਰਾ' ਦੇ ਪ੍ਰਦਰਸ਼ਨ ਤੋਂ ਹੋਵੇਗੀ।