ਨਿਊਯਾਰਕ ''ਚ ਕੋਰੋਨਾ ਮਾਮਲੇ ਵਧੇ, ਬਾਰ ਤੇ ਰੈਸਟੋਰੈਂਟ ਲਈ ਜਾਰੀ ਹੋਏ ਨਵੇਂ ਹੁਕਮ
Thursday, Nov 12, 2020 - 09:52 AM (IST)
ਵਾਸ਼ਿੰਗਟਨ- ਅਮਰੀਕਾ ਦੇ ਨਿਊਯਾਰਕ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਬਾਰ ਤੇ ਰੈਸਟੋਰੈਂਟ ਅਤੇ ਜਿੰਮ 'ਤੇ ਕਰਫਿਊ ਲਗਾ ਦਿੱਤੇ ਗਏ ਹਨ ਅਤੇ ਕਿਸੇ ਵੀ ਸਮਾਰੋਹ ਵਿਚ ਸਿਰਫ 10 ਲੋਕ ਸ਼ਾਮਲ ਹੋ ਸਕਣਗੇ। ਨਿਊਯਾਰਕ ਦੇ ਗਵਰਨਰ ਐਂਡਰੀਊ ਕੁਓਮੋ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਟਵੀਟ ਕਰਕੇ ਕਿਹਾ, "ਕੋਰੋਨਾ ਮਾਮਲੇ ਫੈਲਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਸੂਬੇ ਦੇ ਬਾਰ ਅਤੇ ਰੈਸਟੋਰੈਂਟਾਂ ਸਣੇ ਲਾਇਸੈਂਸ ਵਾਲੀ ਸ਼ਰਾਬ ਦੀਆਂ ਦੁਕਾਨਾਂ ਰਾਤ 10 ਵਜੇ ਦੇ ਬਾਅਦ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਇਲਾਵਾ ਜਿੰਮ ਵੀ 10 ਵਜੇ ਦੇ ਬਾਅਦ ਬੰਦ ਰਹਿਣਗੇ।
ਇਹ ਵੀ ਪੜ੍ਹੋ- ਤੁਰਕੀ 'ਚ ਕੋਰੋਨਾ ਕਾਰਨ ਜਨਤਕ ਸਥਾਨਾਂ 'ਤੇ ਸਿਗਰਟਨੋਸ਼ੀ ਦੀ ਮਨਾਹੀ
ਇਹ ਨਵੇਂ ਸੂਬਾ ਪੱਧਰੀ ਨਿਯਮ ਸ਼ੁੱਕਰਵਾਰ ਰਾਤ 10 ਵਜੇ ਤੋਂ ਪ੍ਰਭਾਵੀ ਹੋਣਗੇ। ਉਨ੍ਹਾਂ ਕਿਹਾ ਕਿ ਪੂਰੇ ਅਮਰੀਕਾ ਵਿਚ ਕੋਰੋਨਾ ਕਾਰਨ ਸਥਿਤੀ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਇਨਡੋਰ ਸਮਾਰੋਹ ਅਤੇ ਪਾਰਟੀਆਂ ਆਯੋਜਿਤ ਕਰਨਾ ਹੈ।
ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਨਡੋਰ ਸਮਾਰੋਹ ਅਤੇ ਪਾਰਟੀਆਂ ਵਿਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ। ਨਿਊਯਾਰਕ ਵਿਚ ਬੁੱਧਵਾਰ ਨੂੰ ਕੋਰੋਨਾ ਦੇ 5000 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਹੋਈ ਹੈ।