ਨਿਊਯਾਰਕ ’ਚ ਟਰਾਂਸਜੈਂਡਰਾਂ ਦੀ ਮੰਗ ਨੂੰ ਪਿਆ ਬੂਰ, ਹੁਣ ਲਿੰਗ ਦੱਸਣ ਦੇ ਸਥਾਨ ’ਤੇ ਹੋਵੇਗਾ ‘X’ ਦਾ ਬਦਲ

Friday, Jun 25, 2021 - 06:29 PM (IST)

ਨਿਊਯਾਰਕ ’ਚ ਟਰਾਂਸਜੈਂਡਰਾਂ ਦੀ ਮੰਗ ਨੂੰ ਪਿਆ ਬੂਰ, ਹੁਣ ਲਿੰਗ ਦੱਸਣ ਦੇ ਸਥਾਨ ’ਤੇ ਹੋਵੇਗਾ ‘X’ ਦਾ ਬਦਲ

ਅਲਬਾਨੀ/ਅਮਰੀਕਾ (ਭਾਸ਼ਾ) : ਨਿਊਯਾਰਕ ਵਿਚ ਟਰਾਂਸਜੈਂਡਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਆਖ਼ਿਰਕਾਰ ਸਵੀਕਾਰ ਕਰ ਲਿਆ ਗਿਆ ਹੈ ਅਤੇ ਹੁਣ ਚਾਲਕਾਂ ਨੂੰ ‘ਲਾਈਸੈਂਸ’ ਅਤੇ ਜਨਮ ਸਰਟੀਫਿਕੇਸਟ ’ਤੇ ਹੁਣ ‘ਮਹਿਲਾ’, ‘ਪੁਰਸ਼’ ਦੇ ਇਲਾਵਾ ਲਿੰਗ ਦੱਸਣ ਦੇ ਸਥਾਨ ’ਤੇ ‘ਐਕਸ’ ਦਾ ਬਦਲ ਵੀ ਹੋਵੇਗਾ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਵੀਰਵਾਰ ਨੂੰ ਇਸ ਸਬੰਧ ਵਿਚ ਇਕ ਕਾਨੂੰਨ ’ਤੇ ਦਸਤਖ਼ਤ ਕੀਤੇ ਸਨ, ਜਿਸ ਦੇ ਬਾਅਦ ਇਹ ਕਦਮ ਚੁੱਕਿਆ ਗਿਆ। ਇਹ ਨਵਾਂ ਕਾਨੂੰਨ 180 ਦਿਨ ਵਿਚ ਅਮਲ ਵਿਚ ਆਏਗਾ।

ਇਹ ਵੀ ਪੜ੍ਹੋ: ਮਿਆਮੀ ’ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ

‘ਨੋਨ ਬਾਈਨਰੀ ਨਿਊਯਾਰਕਰਸ’ ਨੇ ਮਾਰਚ ਵਿਚ ਇਹ ਤਰਕ ਦਿੰਦੇ ਹੋਏ ਇਕ ਮੁਕੱਦਮਾ ਦਾਇਰ ਕੀਤਾ ਸੀ ਕਿ ਸੂਬਾ ਨੋਨ-ਬਾਈਨਰੀ, ਇੰਟਰਸੈਕਸ ਨੂੰ ਦਰਸਾਉਣ ਲਈ ‘ਐਕਸ’ ਬਦਲ ਪ੍ਰਦਾਨ ਕਰਨ ਵਿਚ ਅਸਫ਼ਲ ਰਿਹਾ ਹੈ ਜੋ ਕਿ ਇਕ ਤਰ੍ਹਾਂ ਦਾ ਭੇਦਭਾਵ ਹੈ। ‘ਨੋਨ ਬਾਈਨਰੀ’ ਸ਼ਬਦ ਦਾ ਇਸਤੇਮਾਲ ਉਨ੍ਹਾਂ ਲੋਕਾਂ ਲਈ ਕੀਤਾ ਜਾਂਦਾ ਹੈ, ਜੋ ਨਾ ਤਾਂ ਪੁਰਸ਼ ਅਤੇ ਨਾ ਹੀ ਮਹਿਲਾ ਲਿੰਗ ਨਾਲ ਨਾਤਾ ਰੱਖਦੇ ਹਨ, ਜੋ ਲਿੰਗ ਬਾਈਨਰੀ ਦੇ ਬਾਹਰ ਹਨ। ਨਵੇਂ ਕਾਨੂੰਨ ਤਹਿਤ ਨਿਊਯਾਰਕ ਵਾਸੀਆਂ ਨੂੰ ਹੁਣ ਨਾਮ ਬਦਲਣ ਦੀ ਜਾਣਕਾਰੀ, ਪਤਾ, ਜਨਮ ਸਥਾਨ ਅਤੇ ਜਨਮ ਤਾਰੀਖ਼ ਕਿਸੇ ਸਮਾਚਾਰ ਪੱਤਰ ਵਿਚ ਪ੍ਰਕਾਸ਼ਿਤ ਨਹੀਂ ਕਰਨੀ ਹੋਵੇਗੀ। ਪੁਰਾਣੇ ਕਾਨੂੰਨ ਤਹਿਤ ਨਾਮ ਬਦਲਣ ਦੇ 60 ਦਿਨਾਂ ਦੇ ਅੰਦਰ ਇਸ ਨੂੰ ਸਮਾਚਾਰ ਪੱਤਰ ਵਿਚ ਪ੍ਰਕਾਸ਼ਿਤ ਕਰਾਉਣਾ ਹੁੰਦਾ ਸੀ। ਉਹ ਹਿੰਸਾ ਜਾਂ ਭੇਦਭਾਵ ਦੇ ਡਰ ਕਾਰਨ ਲਿੰਗ ਉਜਾਗਰ ਨਾ ਕਰਨ ਦੀ ਮੰਗ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

ਲਿੰਗ ਸਬੰਧੀ ਪਛਾਣ ਵਿਚ ਬਦਲਾਅ ਦੀ ਜਾਣਕਾਰੀ ਵਿਅਕਤੀਗਤ ਰੂਪ ਨਾਲ ਸੰਘੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਨਿਊਯਾਰਕ ਦੇ ਦੋ-ਤਿਹਾਈ ਟਰਾਂਸਜੈਂਡਰਾਂ ਦਾ ਕਹਿਣਾ ਹੈ ਕਿ ‘ਨੈਸ਼ਨਲ ਸੈਂਟਰ ਫਾਰ ਟਰਾਂਸਜੈਂਡਰ ਇਕੁਆਲਿਟੀ’ ਵੱਲੋਂ 2015 ਵਿਚ ਕੀਤੇ ਗਏ ਲਗਭਗ 1800 ਨਿਊਯਾਰਕ ਨਿਵਾਸੀਆਂ ਦੇ ਸਰਵੇਖਣ ਵਿਚ ਉਨ੍ਹਾਂ ਵੱਲੋਂ ਦੱਸੇ ਗਏ ਲਿੰਗ ਅਤੇ ਨਾਮ ਕਿਸੇ ਵੀ ਆਈ.ਡੀ. (ਪਛਾਣ ਪੱਤਰ) ਵਿਚ ਨਹੀਂ ਹਨ। ‘ਨਿਊਯਾਰਕ ਸਿਵਲ ਲਿਬਰਟੀਜ ਯੂਨੀਅਨ’ ਦੀ ਕਾਰਜਕਾਰੀ ਨਿਰਦੇਸ਼ਕ ਡੋਨਾ ਲਿਬਰਮੈਨ ਨੇ ਇਕ ਬਿਆਨ ਵਿਚ ਕਿਹਾ, ‘ਜੈਂਡਰ ਰੀਕੋਗਨੀਸ਼ਨ ਐਕਟ’ ਸਿਰਫ਼ ਲੋਕਾਂ ਦੀ ਉਚਿਤ ਦਸਤਾਵੇਜ਼ਾਂ ਤੱਕ ਹੀ ਪਹੁੰਚ ਯਕੀਨੀ ਨਹੀਂ ਕਰੇਗਾ, ਸਗੋਂ ਸਰਕਾਰ ਵੱਲੋਂ ਮਨਜ਼ੂਰ ਕਲੰਕ, ਲਾਲਫੀਤਾਸ਼ਾਹੀ ਅਤੇ ਭੇਦਭਾਵ ਨੂੰ ਖ਼ਤਮ ਕਰੇਗਾ ਜੋ ਨਿਊਯਾਰਕ ਵਾਸੀਆਂ ਲਈ ਉਨ੍ਹਾਂ ਪਛਾਣ ਦਸਤਾਵੇਜ਼ਾਂ ਨੂੰ ਹਾਸਲ ਕਰਨ ਵਿਚ ਰੁਕਾਵਟ ਪੈਦਾ ਕਰ ਰਿਹਾ ਸੀ, ਜੋ ਦਰਸਾਉਂਦੇ ਹਨ ਕਿ ਉਹ ਕੌਣ ਹਨ।’

ਇਹ ਵੀ ਪੜ੍ਹੋ: ਹੁਣ ਸਮਾਰਟਫੋਨ ਨਾਲ ਹੋਵੇਗੀ ਕੋਵਿਡ-19 ਦੀ ਜਾਂਚ, ਇਕ ਮਿੰਟ ਵਿੱਚ ਆਵੇਗਾ ਨਤੀਜਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News