ਮਲੇਸ਼ੀਆ ਏਅਰਲਾਈਨਜ਼ ਵਲੋਂ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ, ਅੰਮ੍ਰਿਤਸਰ ਉਡਾਣਾਂ ਦੀ ਵਧਾਈ ਗਿਣਤੀ

Thursday, Dec 14, 2023 - 06:24 PM (IST)

ਬ੍ਰਿਸਬੇਨ, ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ) ਮਲੇਸ਼ੀਆ ਏਅਰਲਾਈਨਜ਼, ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਅਤੇ ਪੰਜਾਬੀ ਭਾਈਚਾਰੇ ਖ਼ਾਸਕਰ ਪ੍ਰਵਾਸੀ ਪੰਜਾਬੀਆਂ ਨੂੰ ਹੋਰ ਵਧੇਰੇ ਉਡਾਣਾਂ ਨਾਲ ਨਵੇਂ ਸਾਲ 2024 ਦਾ ਤੋਹਫਾ ਦੇਣ ਜਾ ਰਹੀ ਹੈ। ਨਵੰਬਰ 8 ਤੋਂ ਏਅਰਲਾਈਨ ਵਲੋਂ ਸ਼ੁਰੂ ਕੀਤੀ ਗਈ ਹਫ਼ਤੇ ਵਿਚ ਸਿਰਫ ਦੋ ਦਿਨ ਲਈ ਕੁਆਲਾਲੰਪੁਰ-ਅੰਮ੍ਰਿਤਸਰ ਸਿੱਧੀ ਉਡਾਣ ਨੂੰ ਮਿਲੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਹੁਣ 15 ਜਨਵਰੀ, 2024 ਤੋਂ ਇਹਨਾਂ ਉਡਾਣਾਂ ਦੀ ਗਿਣਤੀ ਹਫ਼ਤੇ ਵਿੱਚ 2 ਤੋਂ ਵਧਾ ਕੇ 4 ਕੀਤੀ ਜਾ ਰਹੀ ਹੈ। 

ਏਅਰਲਾਈਨ ਦੇ ਫ਼ੈਸਲੇ ਦਾ ਸਵਾਗਤ

ਇਸ ਸੰਬੰਧੀ ਏਅਰਲਾਈਨ ਨੇ ਬੁਕਿੰਗ ਆਪਣੀ ਵੈਬਸਾਈਟ ‘ਤੇ ਵੀ ਸ਼ੁਰੂ ਕਰ ਦਿੱਤੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ ਨੇ ਸਾਂਝੇ ਤੌਰ ‘ਤੇ ਜਾਰੀ ਆਪਣੇ ਬਿਆਨ ਵਿੱਚ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਏਅਰਲਾਈਨ ਦੇ ਇਸ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਹਨਾਂ ਦੱਸਿਆ ਕਿ ਅੰਕੜਿਆਂ ਅਨੁਸਾਰ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਯਾਤਰੀ ਇਹਨਾਂ ਉਡਾਣਾਂ ਰਾਹੀਂ ਪੰਜਾਬ ਪਹੁੰਚ ਰਹੇ ਹਨ। ਇਸ ਨੂੰ ਦੇਖਦੇ ਹੋਏ ਅਤੇ ਉਹਨਾਂ ਲਈ ਹੋਰ ਨਿਰਵਿਘਨ ਯਾਤਰਾ ਦੀ ਸਹੂਲਤ ਦੇ ਉਦੇਸ਼ ਨਾਲ ਏਅਰਲਾਈਨ ਵਲੋਂ ਇਹਨਾਂ ਦੀ ਗਿਣਤੀ ਵਿੱਚ ਹੁਣ ਵਾਧਾ ਕੀਤਾ ਗਿਆ ਜਾਪਦਾ ਹੈ।

ਉਡਾਣਾਂ ਦਾ ਸਮਾਂ 

ਇਸ ਵਾਧੇ ਸੰਬੰਧੀ ਗੁਮਟਾਲਾ ਨੇ ਦੱਸਿਆ ਕਿ ਏਅਰਲਾਈਨ 15 ਜਨਵਰੀ ਤੋਂ ਬੁੱਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਚੱਲ ਰਹੀਆਂ ਮੌਜੂਦਾ ਉਡਾਣਾਂ ਤੋਂ ਇਲਾਵਾ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੀ ਅੰਮ੍ਰਿਤਸਰ ਲਈ ਉਡਾਣਾਂ ਚਲਾਏਗੀ। ਕੁਆਲਾਲੰਪੁਰ ਤੋਂ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੀਆਂ ਨਵੀਆਂ ਉਡਾਣਾਂ ਰਾਤ 11 ਵਜੇ ਰਵਾਨਾ ਹੋਣਗੀਆਂ ਅਤੇ ਅੱਧੀ ਰਾਤ ਤੋਂ ਬਾਦ ਅਗਲੇ ਦਿਨ ਸਵੇਰੇ 2:20 ਵਜੇ ਅੰਮ੍ਰਿਤਸਰ ਪੁੱਜਣਗੀਆਂ। ਇਹੀ ਜਹਾਜ਼ ਫਿਰ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3:20 ਵਜੇ ਰਵਾਨਾ ਹੋਵੇਗਾ ਅਤੇ ਸਵੇਰੇ 11:45 ਵਜੇ ਕੁਆਲਾਲੰਪੁਰ ਪਹੁੰਚੇਗਾ। ਦੂਜੀਆਂ ਦੋ ਉਡਾਣਾਂ ਆਪਣੀ ਮੌਜੂਦਾ ਸਮਾਂ-ਸਾਰਣੀ ਬੁੱਧਵਾਰ ਅਤੇ ਸ਼ਨੀਵਾਰ ਨੂੰ ਸ਼ਾਮ 6:50 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋ ਕੇ ਰਾਤ 10:10 ਵਜੇ ਅੰਮ੍ਰਿਤਸਰ ਪਹੁੰਚਦੀਆਂ ਹਨ ਅਤੇ ਵਾਪਸੀ ਦੀ ਉਡਾਣ ਉਸੇ ਦਿਨ ਰਾਤ ਅੰਮ੍ਰਿਤਸਰ ਤੋਂ 11:25 ਵਜੇ ਰਵਾਨਾ ਹੁੰਦੀ ਹੈ ਅਤੇ ਸਵੇਰੇ 7:30 ਵਜੇ ਮਲੇਸ਼ੀਆ ਪਹੁੰਚਦੀ ਹੈ।

PunjabKesari

ਹਰ ਮਹੀਨੇ ਯਾਤਰਾ ਲਈ ਤਕਰੀਬਨ 21000 ਸੀਟਾਂ ਉਪਲਬਧ

ਇਹਨਾਂ ਉਡਾਣਾਂ ਦੀ ਗਿਣਤੀ ਵਿੱਚ ਵਾਧੇ ਤੋਂ ਉਤਸ਼ਾਹਿਤ ਕਾਮਰਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਮਲੇਸ਼ੀਆ ਏਅਰਲਾਈਨ ਦੇ ਨਾਲ-ਨਾਲ ਮਲੇਸ਼ੀਆ ਦੀਆਂ ਦੋ ਹੋਰ ਏਅਰਲਾਈਨਾਂ ਏਅਰ ਏਸ਼ੀਆ ਐਕਸ ਹਫ਼ਤੇ ਵਿੱਚ 4 ਅਤੇ ਬਾਟਿਕ ਏਅਰ 2 ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਇਸ ਨਾਲ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਕਾਰ ਹਰ ਮਹੀਨੇ ਯਾਤਰਾ ਕਰਨ ਲਈ ਤਕਰੀਬਨ 21000 ਸੀਟਾਂ ਉਪਲਬਧ ਹੋ ਗਈਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਸਿੰਗਾਪੁਰ ਤੋਂ ਪੰਜ ਹਫ਼ਤਾਵਾਰੀ ਉਡਾਣਾਂ ਚਲਾਉਂਦੀ ਹੈ। ਇਸ ਨਾਲ ਮਹੀਨੇ ਵਿੱਚ ਅੰਮ੍ਰਿਤਸਰ–ਸਿੰਗਾਪੁਰ ਵਿੱਚਕਾਰ ਤਕਰੀਬਨ 13400 ਸੀਟਾਂ ਉਪਲਬਧ ਹਨ ਅਤੇ ਅੰਕੜਿਆਂ ਅਨੁਸਾਰ ਇਹਨਾਂ ਉਡਾਣ ਵਿੱਚ ਵੀ ਵੱਡੀ ਗਿਣਤੀ ਆਸਟ੍ਰੇਲੀਆ ਦੇ ਯਾਤਰੀਆਂ ਦੀ ਹੁੰਦੀ ਹੈ। 

PunjabKesari

ਮਲੇਸ਼ੀਆ ਏਅਰਲਾਈਨ ਦੁਆਰਾ 15 ਜਨਵਰੀ ਤੋਂ ਆਪਣੀਆਂ 2 ਵਾਧੂ ਉਡਾਣਾਂ ਲਈ ਸਮਾਂ ਵੀ ਸਿਡਨੀ, ਮੈਲਬੌਰਨ, ਪਰਥ, ਐਡੀਲੇਡ, ਆਕਲੈਂਡ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਕੁਆਲਾਲੰਪੁਰ ਰਾਹੀਂ ਸਿਰਫ 1 ਤੋਂ 3 ਘੰਟਿਆਂ ਦੇ ਅੰਦਰ – ਅੰਦਰ ਹੋਰਨਾਂ ਮੁਲਕਾਂ ਦੀਆਂ ਉਡਾਣਾਂ ਲਈ ਸੁਵਿਧਾਜਨਕ ਸੰਪਰਕ ਮਿਲਦਾ ਹੈ, ਜਿਸ ਨਾਲ ਹਵਾਈ ਯਾਤਰਾ ਸਿਰਫ 16-17 ਘੰਟੇ ਵਿੱਚ ਪੂਰੀ ਹੋ ਜਾਂਦੀ ਹੈ। ਇਸ ਤਰਾਂ ਬੈਂਕਾਕ, ਫੂਕੇਟ, ਮਨੀਲਾ, ਹਾਂਗਕਾਂਗ, ਬਾਲੀ ਵਰਗੇ ਦੱਖਣ-ਪੂਰਬੀ ਏਸ਼ੀਆਈ ਸ਼ਹਿਰਾਂ ਦੀ ਦੂਰੀ ਵੀ 10-12 ਘੰਟੇ ਵਿੱਚ ਪੂਰੀ ਕੀਤੀ ਜਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ PM ਰਿਸ਼ੀ ਸੁਨਕ ਵਿਵਾਦਪੂਰਨ 'ਰਵਾਂਡਾ ਬਿੱਲ' ਪਾਸ ਕਰਾਉਣ ’ਚ ਸਫਲ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਹਵਾਬਾਜ਼ੀ ਵਿਸ਼ਲੇਸ਼ਕ ਰਵਰੀਤ ਸਿੰਘ ਨੇ ਅੰਮ੍ਰਿਤਸਰ ਤੋਂ ਮਲੇਸ਼ੀਆ ਏਅਰਲਾਈਨਜ਼ ਦੀ ਪਹਿਲੀ ਉਡਾਣ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਏਅਰਲਾਈਨ ਦੇ ਖੇਤਰੀ ਮੈਨੇਜਰ ਅਮਿਤ ਮਹਿਤਾ ਅਤੇ ਫਿਰ ਕੁਆਲਾਲੰਪੂਰ ਹਵਾਈ ਅੱਡੇ ‘ਤੇ ਏਅਰਲਾਈਨ ਦੇ ਚੀਫ ਕਮਰਸ਼ੀਅਲ ਅਫਸਰ ਡੇਰੇਨਿਸ਼ ਅਰੇਸੈਂਡਿਰਨ ਅਤੇ ਗਲੋਬਲ ਸੇਲਜ਼ ਹੈੱਡ ਸਿਆਜ਼ਵਾਨ ਅਹਿਮਦ ਸਾਬਰੀ ਨਾਲ ਮੀਟਿੰਗਾਂ ਕਰ ਉਹਨਾਂ ਨਾਲ ਵਿਦੇਸ਼ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਆਉਂਦੇ ਭਾਈਚਾਰੇ ਸੰਬੰਧੀ ਅਹਿਮ ਅੰਕੜੇ ਸਾਂਝੇ ਕੀਤੇ ਸਨ ਅਤੇ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਲਈ ਬੇਨਤੀ ਕੀਤੀ ਸੀ। ਰਵਰੀਤ ਸਿੰਘ ਨੇ ਖੁਸ਼ੀ ਪ੍ਰਗਟਾਈ ਕਿ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਦੇ ਸਿਰਫ਼ ਇੱਕ ਮਹੀਨੇ ਦੇ ਅੰਦਰ ਹੀ ਏਅਰਲਾਈਨ ਨੇ ਇਹਨਾਂ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਪੰਜਾਬ ਅਤੇ ਵਿਦੇਸ਼ ਵੱਸਦੇ ਪੰਜਾਬੀ ਪ੍ਰਵਾਸੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਉਡਾਣਾਂ ਦਾ ਸਮਰਥਨ ਕਰਨ ਅਤੇ ਇਨ੍ਹਾਂ ਨੂੰ ਸਫਲ ਬਣਾਉਣ ਲਈ ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਲਈ ਉਡਾਣ ਨੂੰ ਤਰਜੀਹ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News