ਨਵੀਂ ਅਮਰੀਕੀ ਪਾਬੰਦੀ ਗੈਰ-ਕਾਨੂੰਨੀ : ਰੂਸ
Thursday, Aug 09, 2018 - 08:59 PM (IST)

ਮਾਸਕੋ— ਰੂਸ ਨੇ ਅਮਰੀਕਾ ਵੱਲੋਂ ਉਸ ਦੇ ਦੇਸ਼ 'ਤੇ ਲਗਾਈਆਂ ਗਈਆਂ ਨਵੀਂ ਪਾਬੰਦੀਆਂ ਦੇ ਐਲਾਨ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਨਹੀਂ ਹੈ। ਰੂਸ ਨੇ ਇਸ ਦੇ ਨਾਲ ਹੀ ਕਿਹਾ ਕਿ ਉਸ ਦੀ ਵਿੱਤੀ ਹਾਲਤ ਸਥਿਰ ਹੈ। ਅਮਰੀਕਾ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਜਾਨਣ ਤੋਂ ਬਾਅਦ ਕਿ ਰੂਸ ਨੇ ਬ੍ਰਿਟੇਨ 'ਚ ਸਾਬਕਾ ਰੂਸੀ ਏਜੰਟ ਤੇ ਉਸ ਦੀ ਧੀ ਖਿਲਾਫ ਖਤਰਨਾਕ ਨਰਵ ਏਜੰਟ ਦਾ ਇਸਤੇਮਾਲ ਕੀਤਾ ਸੀ, ਅਗਸਤ ਦੇ ਆਖਿਰ ਤਕ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਰੂਸ ਨੇ ਅਮਰੀਕਾ ਦੇ ਇਸ ਦੋਸ਼ ਨੂੰ ਖਾਰਿਜ ਕੀਤਾ ਹੈ। ਕ੍ਰੈਮਲਿਨ ਬੁਲਾਰਾ ਦਮਿਤਰੀ ਪੇਸਕੋਵ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਮਰੀਕਾ ਦਾ ਇਹ ਕਦਮ ਬਿਲਕੁਲ ਦੋਸਤਾਨਾ ਨਹੀਂ ਹੈ ਪਰ ਮਾਸਕੋ ਨੂੰ ਉਮੀਦ ਹੈ ਕਿ ਅਮਰੀਕਾ-ਰੂਸ ਦੇ ਵਿਗੜਦੇ ਰਿਸ਼ਤਿਆਂ 'ਚ ਸੁਧਾਰ ਆਵੇਗਾ।
ਉਨ੍ਹਾਂ ਕਿਹਾ ਕਿ ਮਾਸਕੋ ਨਾਲ ਨਰਵ ਏਜੰਟ ਮਾਮਲੇ ਨੂੰ ਜੋੜਨਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ਤੇ ਅਜਿਹੀਆਂ ਪਾਬੰਦੀਆਂ ਜੋ ਪਹਿਲਾਂ ਅਮਰੀਕਾ ਵੱਲੋਂ ਲਗਾਈਆਂ ਗਈਆਂ ਸਨ, ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ ਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਨਹੀਂ ਹਨ। ਅਮਰੀਕਾ ਦੇ ਇਸ ਕਦਮ ਨਾਲ ਰੂਬਲ ਦੋ ਸਾਲਾਂ 'ਚ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਡਰ ਤੋਂ ਕਿ ਅਮਰੀਕੀ ਪਾਬੰਦੀਆਂ ਕਦੇ ਖਤਮ ਨਹੀਂ ਹੋਣਗੀਆਂ, ਰੂਸ 'ਚ ਜਾਇਦਾਦਾਂ ਦੀ ਖਰੀਦ ਤੇਜ਼ ਹੋ ਗਈ ਹੈ।