ਵੀਜ਼ਾ ਸਕੈਮ ਤੋਂ ਬਾਅਦ ਸਖ਼ਤ ਹੋਇਆ ਕੈਨੇਡਾ, ਲਿਆ ਅਹਿਮ ਫ਼ੈਸਲਾ

Wednesday, Mar 29, 2023 - 03:34 PM (IST)

ਵੀਜ਼ਾ ਸਕੈਮ ਤੋਂ ਬਾਅਦ ਸਖ਼ਤ ਹੋਇਆ ਕੈਨੇਡਾ, ਲਿਆ ਅਹਿਮ ਫ਼ੈਸਲਾ

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਓਂਟਾਰੀਓ ਦੇ ਸਰਕਾਰੀ ਕਾਲਜ ਨਵੇਂ ਨਿਯਮ ਬਣਾਉਣ ਜਾ ਰਹੇ ਹਨ। ਇਸ ਦਾ ਉਦੇਸ਼ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਪੜ੍ਹਾਈ ਅਤੇ ਬਿਹਤਰ ਕਰੀਅਰ ਦੀ ਭਾਲ ਵਿੱਚ ਇੱਥੇ ਦਾਖਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਨਿਯਮ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣ ਅਤੇ ਕਾਲਜਾਂ ਦੀ ਮਾਰਕੀਟਿੰਗ ਅਤੇ ਦਾਖਲਾ ਪ੍ਰਕਿਰਿਆ 'ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਨੂੰ ਜੂਨ 2024 ਤੱਕ ਲਾਗੂ ਕਰਨ ਦੀ ਯੋਜਨਾ ਹੈ। ਇਹ ਫ਼ੈਸਲਾ ਅਜਿਹੇ ਸਮੇਂ 'ਚ ਲਿਆ ਗਿਆ ਹੈ ਜਦੋਂ ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਫਰਜ਼ੀ ਪਾਏ ਜਾਣ ਦੇ ਬਾਅਦ ਉਹਨਾਂ ਨੂੰ ਵਾਪਸ ਭੇਜੇ ਜਾਣ ਦੀਆਂ ਖਬਰਾਂ ਚਰਚਾ ਵਿਚ ਹਨ।

ਇਨ੍ਹਾਂ ਵਿਦਿਆਰਥੀਆਂ ਨੇ ਜਲੰਧਰ ਸਥਿਤ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਰਾਹੀਂ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ। ਇਹ ਵਿਦਿਆਰਥੀ 3 ਤੋਂ 4 ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਗਏ ਸਨ। ਧੋਖਾਧੜੀ ਦਾ ਉਦੋਂ ਪਤਾ ਲੱਗਾ, ਜਦੋਂ ਉਹਨਾਂ ਨੇ ਨੌਕਰੀ ਲਈ ਅਪਲਾਈ ਕੀਤਾ। ਓਂਟਾਰੀਓ ਕਾਲਜ਼ਾਂ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਲਿੰਡਾ ਫਰੈਂਕਲਿਨ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਸਮੇਂ ਸਹੀ ਜਾਣਕਾਰੀ ਦੇਣ ਦੀ ਲੋੜ ਹੁੰਦੀ ਹੈ। ਇਸ ਦੇ ਲਈ ਠੋਸ ਨਿਯਮ ਬਣਾਉਣ ਦੀ ਲੋੜ ਹੈ।

PunjabKesari

ਕਾਲਜਾਂ ਨੂੰ ਕਾਨੂੰਨ ਅਨੁਸਾਰ ਕਰਨੀ ਹੋਵੇਗੀ ਆਪਣੀ ਮਾਰਕੀਟਿੰਗ 

ਜਿਹੜੇ ਕਾਲਜ ਨਵੇਂ ਨਿਯਮਾਂ ਅਤੇ ਮਾਪਦੰਡਾਂ 'ਤੇ ਸਾਈਨ ਅੱਪ ਕਰਦੇ ਹਨ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦੀ ਮਾਰਕੀਟਿੰਗ ਸਮੱਗਰੀ ਕਾਨੂੰਨ ਦੀ ਪਾਲਣਾ ਕਰਦੀ ਹੈ। ਇਹ ਸਮੱਗਰੀ ਗੁੰਮਰਾਹ ਨਾ ਕਰਨ ਵਾਲੀ ਹੋਵੇ। ਇਸ ਵਿੱਚ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣ ਦੇ ਨਾਲ-ਨਾਲ ਰੁਜ਼ਗਾਰ ਦੀ ਗਾਰੰਟੀ ਵਰਗੇ ਬੇਬੁਨਿਆਦ ਵਾਅਦੇ ਨਾ ਕਰਨ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਕਾਲਜ ਮੈਨੇਜਮੈਂਟ ਨੂੰ ਆਪਣੇ ਏਜੰਟਾਂ 'ਤੇ ਵੀ ਨਜ਼ਰ ਰੱਖਣੀ ਪਵੇਗੀ ਤਾਂ ਜੋ ਉਹ ਕੋਈ ਗ਼ਲਤ ਸੂਚਨਾ ਦੇ ਕੇ ਦਾਖਲਾ ਨਾ ਦਿਵਾਉਣ। ਅਜਿਹਾ ਕਰਨ ਵਾਲੇ ਏਜੰਟ ਦਾ ਲਾਇਸੈਂਸ ਰੱਦ ਕਰਨ ਦਾ ਵੀ ਪ੍ਰਬੰਧ ਹੋਵੇਗਾ। ਇਹ ਨਿਯਮ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਅਤੇ ਪੀਪੀਪੀ ਮੋਡ ਕਾਲਜਾਂ 'ਤੇ ਵੀ ਲਾਗੂ ਹੋਣਗੇ।

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ, ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਵਿਦੇਸ਼ੀ ਵਿਦਿਆਰਥੀਆਂ 'ਚੋਂ ਲਗਭਗ 40 ਫੀਸਦੀ ਭਾਰਤੀ 

ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਅਨੁਸਾਰ ਪਿਛਲੇ ਸਾਲ ਕੈਨੇਡਾ ਵਿੱਚ 8,07,750 ਵਿਦੇਸ਼ੀ ਵਿਦਿਆਰਥੀ ਸਨ। ਇਹ 5 ਸਾਲ ਪਹਿਲਾਂ ਨਾਲੋਂ 43% ਵੱਧ ਹੈ। ਇਨ੍ਹਾਂ ਵਿੱਚੋਂ 40% ਭਾਰਤੀ ਹਨ। ਇਸ ਤੋਂ ਬਾਅਦ 12% ਚੀਨੀ ਵਿਦਿਆਰਥੀ ਹਨ। ਇਹਨਾਂ ਵਿੱਚੋਂ ਅੱਧੇ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਓਂਟਾਰੀਓ ਵਿੱਚ ਪੜ੍ਹਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News