ਨਿਊਜਰਸੀ ''ਚ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਵੀ ਲੱਗੇਗਾ ਕੋਰੋਨਾ ਵਾਇਰਸ ਦਾ ਟੀਕਾ
Friday, Jan 15, 2021 - 02:48 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਵੱਡੇ ਪੱਧਰ 'ਤੇ ਦੇਸ਼ ਭਰ ਵਿੱਚ ਜਾਰੀ ਹੈ। ਇਸ ਪ੍ਰਕਿਰਿਆ ਵਿੱਚ ਪਹਿਲ ਦੇ ਆਧਾਰ 'ਤੇ ਸਿਹਤ ਕਰਮਚਾਰੀ, ਕੇਅਰ ਹੋਮ ਵਸਨੀਕ, 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਹੋਰ ਫਰੰਟਲਾਈਨ ਕਾਮਿਆਂ ਨੂੰ ਟੀਕਾ ਲਗਾਇਆ ਗਿਆ ਹੈ। ਟੀਕਾਕਰਨ ਨੂੰ ਤੇਜੀ ਨਾਲ ਦੇਸ਼ ਭਰ ਵਿੱਚ ਲਾਗੂ ਕਰਨ ਲਈ ਸਰਕਾਰ ਵੱਲੋਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜਿਹਨਾਂ ਦੇ ਤਹਿਤ ਇਸ ਵਿੱਚ ਉਹ ਲੋਕ ਵੀ ਸ਼ਾਮਿਲ ਹਨ, ਜੋ ਗੰਭੀਰ ਸਿਹਤ ਸਮੱਸਿਆਵਾਂ ਨਾਲ ਪੀੜਤ ਹਨ।
ਇਸ ਸੰਬੰਧ ਵਿੱਚ ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਜਦੋਂ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੰਬੰਧੀ ਬੁੱਧਵਾਰ ਨੂੰ ਜਾਰੀ ਰਿਪੋਰਟਾਂ ਅਨੁਸਾਰ ਨਿਊਜਰਸੀ ਸੂਬੇ ਵਿੱਚ ਹੁਣ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਆਗਿਆ ਦਿੱਤੀ ਜਾ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਲੋਕਾਂ ਦੀ ਸਿਗਰਟ ਪੀਣ ਦੀ ਆਦਤ ਨੂੰ ਇੱਕ ਉੱਚ ਜੋਖਮ ਵਾਲੀ ਸਿਹਤ ਸਥਿਤੀ ਮੰਨਿਆ ਜਾਂਦਾ ਹੈ। ਨਿਊਜਰਸੀ ਦੇ ਸਿਹਤ ਕਮਿਸ਼ਨਰ ਜੂਡੀ ਪਰਸਿਚਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਗਰਟਨੋਸ਼ੀ ਨਾਲ ਹੋਣ ਵਾਲੇ ਪ੍ਰਭਾਵ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਉਲਟ ਨਤੀਜਿਆਂ ਨਾਲ ਖਤਰਨਾਕ ਸਾਬਤ ਹੋ ਸਕਦੇ ਹਨ, ਇਸ ਲਈ ਸਿਗਰਟ ਪੀਣ ਵਾਲੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵਾਇਰਸ ਦਾ ਟੀਕਾ ਲਗਾਉਣਾ ਜ਼ਰੂਰੀ ਹੈ ਅਤੇ ਨਿਊਜਰਸੀ ਵਿੱਚ ਤਕਰੀਬਨ 2 ਮਿਲੀਅਨ ਸਿਗਰਟ ਪੀਣ ਵਾਲੇ ਹਨ ਜੋ ਇਸ ਸ਼੍ਰੇਣੀ ਵਿੱਚ ਆਉਂਦੇ ਹਨ।
ਇਸ ਦੇ ਇਲਾਵਾ ਗਵਰਨਰ ਫਿਲ ਮਰਾਫੀ ਨੇ ਬੁੱਧਵਾਰ ਨੂੰ ਟੀਕਾਕਰਨ ਲਈ ਵਧਾਈ ਗਈ ਉਮਰ ਯੋਗਤਾ ਦੇ ਦਿਸ਼ਾ-ਨਿਰਦੇਸ਼ਾਂ ਦੀ ਘੋਸ਼ਣਾ ਕਰਦਿਆਂ ਕਿਹਾ ਕਿ 65 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਜਾਂ ਖਾਸ ਸਿਹਤ ਸਥਿਤੀਆਂ ਵਾਲੇ ਲੋਕ ਵੀਰਵਾਰ ਤੋਂ ਟੀਕਾਕਰਨ ਲਈ ਅਪਲਾਈ ਕਰ ਸਕਦੇ ਹਨ। ਰਿਪੋਰਟ ਦੇ ਅਨੁਸਾਰ ਸਿਗਰਟਨੋਸ਼ੀ ਦੇ ਨਾਲ ਹੋਰ ਬਿਮਾਰੀਆਂ ਜਿਵੇ ਕੈਂਸਰ, ਗੁਰਦਿਆਂ ਦੀ ਬਿਮਾਰੀ, ਡਾਨ ਸਿੰਡਰੋਮ, ਮੋਟਾਪਾ, ਟਾਈਪ 2 ਸ਼ੂਗਰ ਅਤੇ ਹੋਰ ਬਿਮਾਰੀਆਂ ਵੀ ਸ਼ਾਮਿਲ ਹਨ, ਜਿਹਨਾਂ ਵਿੱਚ ਕੋਰੋਨਾ ਵਾਇਰਸ ਜ਼ਿਆਦਾ ਤੇਜ਼ੀ ਨਾਲ ਆਪਣਾ ਪ੍ਰਭਾਵ ਵਿਖਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਨਾਲ ਸੂਬੇ ਵਿੱਚ ਅੰਦਾਜ਼ਨ 4.47 ਮਿਲੀਅਨ ਵਸਨੀਕ ਹੁਣ ਟੀਕਾ ਪ੍ਰਾਪਤ ਕਰਨ ਦੇ ਯੋਗ ਹਨ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਡਾਕਟਰੀ ਸਥਿਤੀ ਜਾਂ ਉਮਰ ਬਾਰੇ ਕੋਈ ਦਸਤਾਵੇਜ਼ ਲੋੜੀਂਦੇ ਨਹੀਂ ਹੋਣਗੇ।