ਕੈਨੇਡਾ ’ਚ ਜ਼ਬਰਨ ਵਸੂਲੀ ਦਾ ਧੰਦਾ ਜ਼ੋਰਾਂ ’ਤੇ, ਪੈਸਾ ਨਾ ਮਿਲਣ ’ਤੇ ਸਾੜੇ ਜਾ ਰਹੇ ਹਨ ਬਿਲਡਰਾਂ ਦੇ ਨਵੇਂ ਮਕਾਨ
Thursday, Jan 04, 2024 - 09:53 AM (IST)
ਜਲੰਧਰ (ਇੰਟ.)- ਕੈਨੇਡਾ ਦੇ ਐਡਮਿੰਟਨ ’ਚ ਬਿਲਕੁਲ ਨਵੇਂ ਖਾਲੀ ਪਏ ਮਕਾਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਪੁਲਸ ਨੂੰ ਮੁਸੀਬਤ ’ਚ ਪਾ ਦਿੱਤਾ ਹੈ। ਕੈਨੇਡਾ ਦੇ ਸੀ. ਟੀ. ਵੀ. ਨਿਊਜ਼’ ਨੇ ਐਡਮਿੰਟਨ ਫਾਇਰ ਰੈਸਕਿਊ ਸਰਵਿਸ ਦੇ ਹਵਾਲੇ ਨਾਲ ਕਿਹਾ ਹੈ ਕਿ 1 ਨਵੰਬਰ ਤੋਂ 2 ਜਨਵਰੀ ਦਰਮਿਆਨ, ਨਵੇਂ ਜਾਂ ਨਿਰਮਾਣ ਅਧੀਨ ਰਿਹਾਇਸ਼ੀ ਢਾਂਚਿਆਂ ’ਚ ਅੱਗ ਲੱਗਣ ਦੀਆਂ 9 ਘਟਨਾਵਾਂ ਵਾਪਰੀਆਂ ਹਨ। ਸੀ. ਟੀ. ਵੀ. ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਾੜ-ਫੂਕ ਦੀਆਂ ਘਟਨਾਵਾਂ ਦਾ ਕਾਰਨ ਜ਼ਬਰਨ ਵਸੂਲੀ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਪੈਸੇ ਨਾ ਮਿਲਣ 'ਤੇ ਬਿਲਡਰਾਂ ਵੱਲੋਂ ਬਣਾਏ ਖਾਲੀ ਪਏ ਨਵੇਂ ਮਕਾਨਾਂ ਨੂੰ ਅੱਗ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: UK ਦਾ ਵੱਡਾ ਐਲਾਨ, ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਦੇਵੇਗਾ ਵੀਜ਼ਾ ਮੁਕਤ ਐਂਟਰੀ
ਜ਼ਿਆਦਾਤਰ ਬਿਲਡਰ ਦੱਖਣੀ ਏਸ਼ੀਆਈ ਭਾਈਚਾਰੇ ਦੇ
ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੰਬਰ ’ਚ ਐਸਟਰ ਦੇ ਦੱਖਣ-ਪੂਰਬੀ ਇਲਾਕੇ ’ਚ ਇਕ ਨਵੀਂ ਉਸਾਰੀ ਇਮਾਰਤ ਤਬਾਹ ਹੋ ਗਈ ਸੀ। ਇਸ ਤੋਂ ਇਕ ਹਫ਼ਤੇ ਬਾਅਦ ਉਸੇ ਬਲਾਕ ’ਚ ਇਕ ਘਰ ਨੂੰ ਸਾੜ ਦਿੱਤਾ ਗਿਆ। ਅੱਗ ਲੱਗਣ ਦੀਆਂ 9 ਘਟਨਾਵਾਂ ’ਚੋਂ 3 ਪਿਛਲੇ ਹਫ਼ਤੇ ਵਾਪਰੀਆਂ ਸਨ। ਸਾਰੀਆਂ ਘਟਨਾਵਾਂ ਦੀ ਜਾਂਚ ਸਾੜ-ਫੂਕ ਵਜੋਂ ਕੀਤੀ ਜਾ ਰਹੀ ਹੈ ਅਤੇ ਅੱਗ ਜਾਣ-ਬੁੱਝ ਕੇ ਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਘਰਾਂ ਨੂੰ ਬਣਾਉਣ ਵਾਲੇ ਜ਼ਿਆਦਾਤਰ ਬਿਲਡਰ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰ ਹਨ। ਕਈ ਸੂਤਰ ਦੱਸਦੇ ਹਨ ਕਿ ਬਿਲਡਰਾਂ ਨੂੰ ਧਮਕੀਆਂ ਦੇਣ ਵਾਲਾ ਵਿਅਕਤੀ ਮੋਟੀ ਰਕਮ ਦੀ ਮੰਗ ਕਰਦਾ ਹੈ। ਜਦੋਂ ਬਿਲਡਰ ਭੁਗਤਾਨ ਨਹੀਂ ਕਰਦੇ ਤਾਂ ਉਨ੍ਹਾਂ ਦੇ ਘਰ ਸਾੜ ਦਿੱਤੇ ਜਾਂਦੇ ਹਨ। ਵੈਸਟ ਐਡਮਿੰਟਨ ਦੇ ਇਕ ਘਰ ਨੂੰ ਲਾਈ ਗਈ ਅੱਗ ਦੀ ਵੀਡੀਓ ’ਚ ਦੋ ਆਦਮੀ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਘਰ ਦੇ ਇਕ ਪਾਸੇ ਅੱਗ ਲਾਉਂਦੇ ਹੋਏ ਵਿਖਾਈ ਦੇ ਰਹੇ ਹਨ।
ਸੁਰੱਖਿਆ ਲਈ ਰੱਖਣੇ ਪੈ ਰਹੇ ਹਨ ਸੁਰੱਖਿਆ ਗਾਰਡ
ਦੱਖਣੀ ਏਸ਼ੀਆਈ ਭਾਈਚਾਰੇ ਦੇ ਇਕ ਮੈਂਬਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਸੀ. ਟੀ. ਵੀ. ਨਿਊਜ਼ ਨੂੰ ਦੱਸਿਆ ਕਿ ਬਿਲਡਰਾਂ ਨੂੰ ਵਟਸਐਪ, ਫੋਨ ਕਾਲਾਂ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਬਿਲਡਰ ਨੇ ਆਪਣੀ ਅਤੇ ਆਪਣੀ ਜਾਇਦਾਦ ਦੀ ਸੁਰੱਖਿਆ ਲਈ ਦਰਜਨਾਂ ਸੁਰੱਖਿਆ ਗਾਰਡ ਰੱਖੇ ਹਨ। ਮੈਂਬਰ ਨੇ ਦੱਸਿਆ ਕਿ ਉਸ ਨੇ ਸੁਣਿਆ ਹੈ ਕਿ ਕੁਝ ਬਿਲਡਰਾਂ ਨੇ ਆਪਣੇ ਘਰਾਂ ’ਚ ਵੱਡੀ ਸਕ੍ਰੀਨ ਵਾਲੇ ਕੈਮਰੇ ਲਾਏ ਹੋਏ ਹਨ ਅਤੇ ਉਹ ਸਾਰੀ ਰਾਤ ਜਾਗਦੇ ਰਹਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਕਾਸ਼ ਹੀਡ ਦਾ ਕਹਿਣਾ ਹੈ ਕਿ ਐਡਮਿੰਟਨ ਪੁਲਸ ਨੂੰ ਐਡਮਿੰਟਨ ’ਚ ਜ਼ਬਰਨ ਵਸੂਲੀ ਦੀਆਂ ਘਟਨਾਵਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦਾ ਹੌਸਲਾ ਵਧ ਜਾਵੇ। ਉਨ੍ਹਾਂ ਨੇ ਸੀ. ਟੀ. ਵੀ. ਨਿਊਜ਼ ਨੂੰ ਦੱਸਿਆ ਕਿ ਸਿਆਸਤਦਾਨਾਂ ਨੂੰ ਇਸ ਨੂੰ ਦੱਖਣੀ ਏਸ਼ੀਆਈ ਭਾਈਚਾਰੇ ਲਈ ਤਰਜੀਹ ਵਜੋਂ ਦੇਖਣਾ ਹੋਵੇਗਾ, ਨਹੀਂ ਤਾਂ ਸਾਨੂੰ ਮਰਨ ਦਿਓਗੇ ਅਤੇ ਹੋਰ ਹਿੰਸਾ ਹੋਵੇਗੀ। ਐਡਮਿੰਟਨ ਪੁਲਸ ਸਰਵਿਸ ਦਾ ਕਹਿਣਾ ਹੈ ਕਿ ਉਸ ਦੇ ਕੋਲ ਜਾਂਚ ’ਤੇ ਕੰਮ ਕਰਨ ਵਾਲੀ ਇਕ ਸਮਰਪਿਤ ਪ੍ਰਾਜੈਕਟ ਟੀਮ ਹੈ। ਉਨ੍ਹਾਂ ਨੂੰ ਜਲਦੀ ਹੀ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।