ਕੈਨੇਡਾ-ਅਮਰੀਕਾ ਸਰਹੱਦ ''ਤੇ ਵਾੜ ਲੱਗਣ ਦਾ ਕੰਮ ਸ਼ੁਰੂ
Saturday, Aug 22, 2020 - 08:59 AM (IST)
ਵੈਨਕੁਵਰ- ਕੈਨੇਡਾ-ਅਮਰੀਕਾ ਸਰਹੱਦ 'ਤੇ ਕੇਬਲ ਤਾਰ ਦੀ ਵਾੜ ਲਗਾਈ ਜਾਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ ਵੈਨਕੁਵਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਾੜ ਦੇ ਲੱਗਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਕਾਰਾਂ ਸਰਹੱਦਾਂ ਨੂੰ ਲੰਘ ਕੇ ਦੂਜੇ ਦੇਸ਼ਾਂ ਵਿਚ ਦਾਖਲ ਨਹੀਂ ਹੋ ਸਕਣਗੀਆਂ। ਮਾਰਚ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਇੱਥੇ ਗੈਰ-ਜ਼ਰੂਰੀ ਯਾਤਰਾ 21 ਸਤੰਬਰ ਤਕ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ ਲੋਕ ਇਸ ਸਰਹੱਦ 'ਤੇ ਬੈਠ ਕੇ ਆਪਣੇ ਦੋਸਤਾਂ-ਮਿੱਤਰਾਂ ਨੂੰ ਮਿਲਦੇ ਸਨ ਤੇ ਬਹੁਤੇ ਲੋਕ ਤਾਂ ਪਾਰਟੀਆਂ ਵੀ ਕਰਦੇ ਰਹੇ ਜਦਕਿ ਅਧਿਕਾਰੀ ਉਨ੍ਹਾਂ ਨੂੰ ਰੋਕਦੇ ਰਹੇ।
ਬ੍ਰਿਟਿਸ਼ ਕੋਲੰਬੀਆ ਦੇ ਲਾਂਗਲੀ ਅਤੇ ਵਾਸ਼ਿੰਗਟਨ ਦੇ ਲਿਨਡੇਨ ਵਿਚਕਾਰ ਵਾੜ ਬਣੀ ਦਿਖਾਈ ਦੇ ਰਹੀ ਹੈ। ਅਮਰੀਕੀ ਬਾਡਰ ਪੈਟਰੋਲ ਮੁਤਾਬਕ ਅਮਰੀਕਾ ਤੇ ਕੈਨੇਡਾ ਦੀ ਸਰਹੱਦ 'ਤੇ ਵਾੜ ਲੱਗਣ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਦੋਹਾਂ ਦੇਸ਼ਾਂ ਵਿਚ ਵਿਚ ਦਾਖਲ ਹੋਣ ਵਾਲੇ ਵਾਹਨਾਂ ਨੂੰ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਤੋਂ ਹੋਣ ਵਾਲੀ ਨਸ਼ੇ ਅਤੇ ਮਨੁੱਖਾਂ ਦੀ ਸਮਗਲਿੰਗ ਰੋਕੀ ਜਾ ਸਕੇਗੀ। ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਇੱਥੇ ਵਾੜ ਲੱਗਣ ਨਾਲ ਅਪਰਾਧਕ ਮਾਮਲੇ ਘਟਣਗੇ। ਹਾਲਾਂਕਿ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਇਹ ਗਲਤ ਕਦਮ ਹੈ। ਬਹੁਤਿਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਹ ਜ਼ਰੂਰੀ ਵੀ ਹੈ ਕਿਉਂਕਿ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਹਨ ਪਰ ਫਿਰ ਵੀ ਲੋਕ ਇਕ-ਦੂਜੇ ਨਾਲ ਖਾਣਾ ਸਾਂਝਾ ਕਰਨ ਤੋਂ ਨਹੀਂ ਹਟਦੇ।