ਨਿਊਜ਼ੀਲੈਂਡ ''ਚ ਕੋਰੋਨਾ ਦੇ ਨਵੇਂ ਮਾਮਲੇ 100 ਦੇ ਪਾਰ, ਵਧਾਈ ਗਈ ਤਾਲਾਬੰਦੀ
Monday, Aug 23, 2021 - 06:25 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਕੋਰੋਨਾ ਦੇ ਡੈਲਟਾ ਵੈਰੀਐਂਟ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਵਿਚ ਕੋਵਿਡ-19 ਤਾਲਾਬੰਦੀ ਦੇ ਵਿਸਥਾਰ ਦਾ ਐਲਾਨ ਕੀਤਾ। ਅਰਡਰਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦਾ ਵਰਤਮਾਨ ਪ੍ਰਕੋਪ ਹਾਲੇ ਤੱਕ ਸਿਖਰ 'ਤੇ ਨਹੀਂ ਪਹੁੰਚਿਆ ਹੈ। ਸੁਰੱਖਿਆ ਦੇ ਤਹਿਤ ਲੈਵਲ-4 ਦੀ ਰਾਸ਼ਟਰੀ ਤਾਲਾਬੰਦੀ ਨੂੰ 27 ਅਗਸਤ ਦੀ ਰਾਤ ਤੱਕ ਤਿੰਨ ਦਿਨਾਂ ਲਈ ਵਧਾ ਦਿੱਤਾ ਗਿਆ ਹੈ ਜਦਕਿ ਪ੍ਰਕੋਪ ਦੇ ਕੇਂਦਰ ਆਕਲੈਂਡ ਵਿਚ ਪਾਬੰਦੀ ਘੱਟੋ-ਘੱਟ 31 ਅਗਸਤ ਤੱਕ ਰਹੇਗੀ।
ਅਰਡਰਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਫਿਲਹਾਲ ਸਾਡੇ ਸਾਰਿਆਂ ਸਾਹਮਣੇ ਸਭ ਤੋਂ ਸੁਰੱਖਿਅਤ ਵਿਕਲਪ ਨੂੰ ਬਣਾਏ ਰੱਖਣਾ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਦੁਨੀਆ ਨੇ ਸਾਨੂੰ ਕੁਝ ਸਿਖਾਇਆ ਹੈ ਤਾਂ ਉਹ ਇਹ ਹੈ ਕਿ ਸਾਨੂੰ ਕੋਵਿਡ-19 ਦੇ ਇਸ ਵੈਰੀਐਂਟ ਤੋਂ ਸਾਵਧਾਨ ਰਹਿਣਾ ਹੈ। ਅਰਡਰਨ ਨੇ ਕਿਹਾ ਕਿ ਪੂਰੇ ਦੇਸ਼ ਵਿਚ ਡੈਲਟਾ ਵੈਰੀਐਂਟ ਨਾਲ ਪੀੜਤ ਲੋਕਾਂ ਵੱਲੋਂ ਭਾਈਚਾਰੇ ਵਿਚ ਵਾਇਰਸ ਫੈਲਣ ਦੀ ਸੂਚਨਾ ਮਿਲੀ ਹੈ।ਜਿੱਥੇ ਪ੍ਰਕੋਪ ਦੇਖਿਆ ਗਿਆ, ਉਹ 320 ਤੋਂ ਵੱਧ ਥਾਵਾਂ ਨਿਸ਼ਾਨਬੱਧ ਹਨ ਅਤੇ 13,000 ਕੰਟੈਕਟ ਦਰਜ ਕੀਤੇ ਗਏ ਹਨ। ਇਹ ਪਿਛਲੇ ਪ੍ਰਕੋਪਾਂ ਦੀ ਤੁਲਨਾ ਵਿਚ ਕਿਤੇ ਵੱਧ ਹਨ। ਅਰਡਰਨ ਨੇ ਕਿਹਾ ਕਿ ਡੈਲਟਾ ਵੈਰੀਐਂਟ ਨੇ ਖੇਡ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ 'ਚ ਭਾਰਤੀ ਲੋਕ ਨਿਸ਼ਾਨੇ 'ਤੇ, ਦੇਸ਼ ਛੱਡਣ ਦਾ ਮਿਲ ਰਿਹਾ 'ਮੈਸੇਜ'
ਨਿਊਜ਼ੀਲੈਂਡ ਵਿਚ ਦਿਨ ਦੀ ਸ਼ੁਰੂਆਤ ਵਿਚ ਕੋਵਿਡ-19 ਦੇ 35 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ ਗਈ, ਜਿਸ ਨਾਲ ਕੁੱਲ ਇਨਫੈਕਸ਼ਨਾਂ ਦੀ ਗਿਣਤੀ 107 ਹੋ ਗਈ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ 33 ਨਵੇਂ ਮਾਮਲੇ ਆਕਲੈਂਡ ਵਿਚ ਅਤੇ ਦੋ ਰਾਜਧਾਨੀ ਵੈਲਿੰਗਟਨ ਵਿਚ ਦਰਜ ਕੀਤੇ ਗਏ। ਅਰਡਰਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਰਕਾਰ ਨੇ ਇਕ ਹਫ਼ਤੇ ਲਈ ਨਿਯਮਿਤ ਸੰਸਦ ਸੈਸ਼ਨ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਵਿਰੋਧੀ ਸੰਸਦ ਮੈਂਬਰਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ।ਇੱਥੇ ਦੱਸ ਦਈਏ ਕਿ ਅਰਡਰਨ ਨੇ ਰਾਸ਼ਟਰੀ ਤਾਲਾਬੰਦੀ ਨੂੰ 24 ਅਗਸਤ ਤੱਕ ਵਧਾਇਆ ਸੀ। ਕੋਰੋਨਾ ਨਾਲ ਲੜਨ ਲਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।