ਕੈਨੇਡਾ 'ਚ ਕਈ ਪੰਜਾਬੀਆਂ ਨੂੰ ਇਸ ਸਾਲ ਰਹਿਣਾ ਪੈ ਸਕਦਾ ਹੈ ਬੇਰੁਜ਼ਗਾਰ!

Thursday, Nov 12, 2020 - 03:09 PM (IST)

ਕੈਨੇਡਾ 'ਚ ਕਈ ਪੰਜਾਬੀਆਂ ਨੂੰ ਇਸ ਸਾਲ ਰਹਿਣਾ ਪੈ ਸਕਦਾ ਹੈ ਬੇਰੁਜ਼ਗਾਰ!

ਟਰਾਂਟੋ— ਕੋਰੋਨਾ ਦੀ ਵਜ੍ਹਾ ਨਾਲ ਤਾਲਾਬੰਦੀ ਦੌਰਾਨ ਪਹਿਲਾਂ ਹੀ ਬੰਦ ਰਹਿਣ ਕਾਰਨ ਵੱਡੀ ਮਾਰ ਝੱਲ ਚੁੱਕੇ ਕਈ ਛੋਟੇ ਕਾਰੋਬਾਰਾਂ ਦੇ ਹੁਣ ਪੱਕੇ ਤੌਰ 'ਤੇ ਬੰਦ ਹੋਣ ਦਾ ਖਦਸ਼ਾ ਹੈ। ਟੋਰਾਂਟੋ ਅਤੇ ਹੋਰ ਕਈ ਜਗ੍ਹਾ ਲਾਗੂ ਹੋਣ ਜਾ ਰਹੀ ਨਵੀਂ ਸਖ਼ਤੀ ਨੂੰ ਲੈ ਕੇ ਛੋਟੇ ਕਾਰੋਬਾਰਾਂ ਨੇ ਇਹ ਸੰਭਾਵਨਾ ਜਤਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ 'ਚ ਛੋਟੇ ਕਾਰੋਬਾਰਾਂ ਦੀ ਸਰਕਾਰਾਂ ਵੱਲੋਂ ਮਦਦ ਨਾ ਕੀਤੀ ਗਈ ਤਾਂ ਇਹ ਪੱਕੇ ਤੌਰ 'ਤੇ ਬੰਦ ਹੋ ਸਕਦੇ ਹਨ। ਇਸ ਦੇ ਨਾਲ ਹੀ, ਨਵੀਂ 'ਤਾਲਾਬੰਦੀ' ਦੀ ਵਜ੍ਹਾ ਨਾਲ ਕਈ ਲੋਕਾਂ ਨੂੰ ਇਸ ਸਾਲ ਬੇਰੁਜ਼ਗਾਰ ਹੀ ਰਹਿਣਾ ਪੈ ਸਕਦਾ ਹੈ।

ਨਵੀਂ ਸਖ਼ਤਾਈ ਕਰਦੇ ਹੋਏ ਟੋਰਾਂਟੋ ਨੇ ਇਨਡੋਰ ਡਾਇਨਿੰਗ 'ਤੇ ਪਾਬੰਦੀ ਲਾਉਣ ਅਤੇ ਨਾਲ ਰਾਤ 10 ਵਜੇ ਤੋਂ ਸਾਰੇ ਅਦਾਰਿਆਂ ਲਈ ਕਰਫਿਊ ਲਾਗੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਉੱਥੇ ਹੀ, ਜਿੰਮ 'ਚ 10 ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਣਗੇ। ਓਧਰ ਮੈਨੀਟੋਬਾ 'ਚ ਵੀਰਵਾਰ ਤੋਂ ਲਾਗੂ ਹੋ ਰਹੀ ਪਾਬੰਦੀ ਕਾਰਨ ਜਿੰਮ, ਹੇਅਰ ਸੈਲੂਨ ਅਤੇ ਉਹ ਸਾਰੇ ਕਾਰੋਬਾਰ ਬੰਦ ਰਹਿਣਗੇ ਜਿਨ੍ਹਾਂ ਦੀਆਂ ਸੇਵਾਵਾਂ ਜ਼ਰੂਰੀ ਨਹੀਂ ਮੰਨੀਆਂ ਜਾਂਦੀਆਂ। ਕਰਿਆਨਾ ਸਟੋਰਾਂ ਤੇ ਮੈਡੀਕਲ ਸਟੋਰਾਂ ਨੂੰ 25 ਫ਼ੀਸਦੀ ਸਟਾਫ਼ ਨਾਲ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੋਵੇਗੀ।

ਇਹ ਨਵੀਂਆਂ ਪਾਬੰਦੀਆਂ ਉਸ ਸਮੇਂ ਲਾਗੂ ਹੋ ਰਹੀਆਂ ਹਨ ਜਦੋਂ ਪਿਛਲੇ ਹਫ਼ਤਿਆਂ ਦੌਰਾਨ ਕੈਨੇਡਾ 'ਚ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਓਂਟਾਰੀਓ ਅਤੇ ਕਿਊਬਿਕ 'ਚ ਰੋਜ਼ਾਨਾ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸੀ. ਟੀ. ਵੀ. ਦੀ ਇਕ ਰਿਪੋਰਟ ਮੁਤਾਬਕ, ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨੈੱਸ (ਸੀ. ਐੱਫ. ਆਈ. ਬੀ.) ਦੇ ਸਰਵੇਖਣ ਅਨੁਸਾਰ, ਟੋਰਾਂਟੋ ਦੇ 7 ਫ਼ੀਸਦੀ ਕਾਰੋਬਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦੂਜੀ ਤਾਲਾਬੰਦੀ ਨੂੰ ਝੱਲਣ ਲਈ ਪੈਸਾ ਨਹੀਂ ਹੈ। ਕਾਰੋਬਾਰ ਪਹਿਲਾਂ ਹੀ ਸੰਘਰਸ਼ ਕਰ ਰਹੇ ਹਨ।


author

Sanjeev

Content Editor

Related News