ਓਂਟਾਰੀਓ ''ਚ ਲਗਾਤਾਰ ਦੂਜੇ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 200 ਤੋਂ ਪਾਰ
Sunday, Sep 13, 2020 - 10:47 AM (IST)
![ਓਂਟਾਰੀਓ ''ਚ ਲਗਾਤਾਰ ਦੂਜੇ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 200 ਤੋਂ ਪਾਰ](https://static.jagbani.com/multimedia/2020_9image_10_47_07707855112.jpg)
ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 200 ਤੋਂ ਵੱਧ ਦਰਜ ਹੋਈ ਹੈ। ਸੂਬਾਈ ਸਿਹਤ ਅਧਿਕਾਰੀਆਂ ਮੁਤਾਬਕ ਇੱਥੇ 24 ਘੰਟਿਆਂ ਦੌਰਾਨ ਕੋਰੋਨਾ ਦੇ 232 ਨਵੇਂ ਮਾਮਲੇ ਦਰਜ ਹੋਏ ਹਨ। ਇਸ ਤੋਂ ਪਿਛਲੇ ਦਿਨ ਭਾਵ ਸ਼ੁੱਕਰਵਾਰ ਨੂੰ 213 ਅਤੇ ਵੀਰਵਾਰ ਨੂੰ 170 ਮਾਮਲੇ ਦਰਜ ਹੋਏ ਸਨ।
ਓਂਟਾਰੀਓ ਵਿਚ ਪਿਛਲੇ ਹਫਤੇ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। 5 ਦਿਨਾਂ ਦੀ ਔਸਤਨ ਦਰ 190 ਹੈ ਜੋ ਕਿ ਪਿਛਲੇ ਹਫਤੇ 148 ਸੀ।
29 ਜੂਨ ਨੂੰ ਇੱਥੇ 257 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਸੀ। ਇਸ ਦੇ ਬਾਅਦ ਮਾਮਲੇ ਘੱਟ ਹੀ ਦਰਜ ਹੁੰਦੇ ਰਹੇ ਪਰ ਹੁਣ ਮੁੜ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸੂਬੇ ਵਿਚ ਕੋਰੋਨਾ ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਵੀ ਵਧੀ ਹੈ। ਸੂਬੇ ਵਿਚ ਸ਼ਨੀਵਾਰ ਨੂੰ ਕਿਰਿਆਸ਼ੀਲ ਮਾਮਲੇ 1,769 ਦਰਜ ਹੋਏ ਸਨ ਜਦਕਿ ਸ਼ੁੱਕਰਵਾਰ ਨੂੰ 1,657 ਅਤੇ ਵੀਰਵਾਰ ਨੂੰ 1,567 ਕਿਰਿਆਸ਼ੀਲ ਮਾਮਲੇ ਸਨ। ਦੱਸ ਦਈਏ ਕਿ ਅਗਸਤ ਵਿਚ 1000 ਤੋਂ ਘੱਟ ਕਿਰਿਆਸ਼ੀਲ ਮਾਮਲੇ ਦਰਜ ਹੁੰਦੇ ਸਨ।
ਨਵੇਂ ਮਾਮਲਿਆਂ ਵਿਚ ਟੋਰਾਂਟੋ ਤੋਂ 77, ਪੀਲ ਰੀਜਨ ਤੋਂ 62 ਅਤੇ ਓਟਾਵਾ ਤੋਂ 27 ਮਾਮਲੇ ਦਰਜ ਹੋਏ ਸਨ। ਇਸ ਸਮੇਂ 43 ਮਰੀਜ਼ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿਚੋਂ 12 ਲੋਕ ਆਈ. ਸੀ. ਯੂ. ਵਿਚ ਭਰਤੀ ਹਨ।
ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 35,000 ਲੋਕਾਂ ਦੇ ਟੈਸਟ ਕਰਵਾਏ ਗਏ ਹਨ। ਸੂਬਾ ਸਿਹਤ ਅਧਿਕਾਰੀਆਂ ਮੁਤਾਬਕ ਪੀੜਤਾਂ ਵਿਚੋਂ 70 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਹਨ।