ਨੀਲਾ ਅਤੇ ਚਿੱਟਾ ਹੀ ਰਹੇਗਾ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ

Saturday, Mar 11, 2023 - 03:12 PM (IST)

ਨੀਲਾ ਅਤੇ ਚਿੱਟਾ ਹੀ ਰਹੇਗਾ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਜਗ੍ਹਾ ਆ ਰਹੇ ਜਹਾਜ਼ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ 4 ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਸੈਨਾ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ ਕਿ ਆਧੁਨਿਕ 747 ਜਹਾਜ਼ ਦੇ ਨਵੇਂ ਮਾਡਲ ਵਿਚ ਆਸਮਾਨੀ ਰੰਗ ਪਹਿਲਾਂ ਨਾਲੋਂ ਥੋੜ੍ਹਾ ਗੂੜਾ ਹੋਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਹਾਜ਼ ਦਾ ਬਾਹਰੀ ਰੰਗ ਲਾਲ-ਚਿੱਟਾ ਅਤੇ ਨੀਲਾ ਰੱਖਣ ਦਾ ਫ਼ੈਸਲਾ ਕੀਤਾ ਸੀ, ਪਰ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਨੂੰ ਬਦਲ ਦਿੱਤਾ।

ਸਮੀਖਿਆ ਦੌਰਾਨ ਇਹ ਪਤਾ ਲੱਗਾ ਕਿ ਗੂੜ੍ਹੇ ਰੰਗ ਨਾਲ ਲਾਗਤ ਵਧੇਗੀ ਅਤੇ ਜਹਾਜ਼ਾਂ ਦੀ ਡਿਲੀਵਰੀ ਵਿੱਚ ਦੇਰੀ ਹੋਵੇਗੀ। ਬੋਇੰਗ ਆਪਣੇ 747-800 ਜਹਾਜ਼ਾਂ 'ਚ ਬਦਲਾਅ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਆਪਣੇ ਵਿਦੇਸ਼ ਦੌਰਿਆਂ ਦੌਰਾਨ ਕਰਦੇ ਹਨ। ਇਹ ਬੋਇੰਗ ਦੇ ਪੁਰਾਣੇ ਹੋ ਚੁੱਕੇ 747-200 ਜਹਾਜ਼ਾਂ ਦੀ ਥਾਂ ਲੈਣਗੇ, ਜੋ ਇਸ ਸਮੇਂ ਰਾਸ਼ਟਰਪਤੀ ਦੁਆਰਾ ਵਰਤੇ ਜਾਂਦੇ ਹਨ। ਹਵਾਈ ਫ਼ੌਜ ਨੇ ਕਿਹਾ ਕਿ ਨਵੇਂ ਜਹਾਜ਼ਾਂ ਵਿੱਚੋਂ ਇੱਕ ਦੀ 2027 ਵਿੱਚ ਸਪੁਰਦਗੀ ਕੀਤੀ ਜਾਣੀ ਹੈ। ਇਸ ਤੋਂ ਬਾਅਦ 2028 'ਚ ਦੂਜਾ ਜਹਾਜ਼ ਮਿਲਣ ਦੀ ਉਮੀਦ ਹੈ।
 


author

cherry

Content Editor

Related News