ਨੇਪਾਲ ਨੇ ਕਾਠਮੰਡੂ ''ਚ ਸਟ੍ਰੀਟ ਫੂਡ ਦੀ ਵਿਕਰੀ ''ਤੇ ਲਗਾਈ ਪਾਬੰਦੀ

Wednesday, Jun 29, 2022 - 02:25 PM (IST)

ਕਾਠਮੰਡੂ (ਏਜੰਸੀ)- ਨੇਪਾਲ ਨੇ ਰਾਜਧਾਨੀ ਵਿਚ ਹੈਜ਼ਾ ਦੇ ਪ੍ਰਸਾਰ ਨੂੰ ਰੋਕਣ ਲਈ ਕਾਠਮੰਡੂ ਘਾਟੀ ਵਿਚ ਸਟ੍ਰੀਟ ਫੂਡ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਕਾਠਮੰਡੂ ਮੈਟਰੋਪੋਲੀਟਨ ਸਿਟੀ (ਕੇ.ਐੱਮ.ਸੀ) ਵੱਲੋਂ ਸਟ੍ਰੀਟ ਫੂਡ ਦੀ ਵਿਕਰੀ 'ਤੇ ਪਾਬੰਦੀ ਦਾ ਫ਼ੈਸਲਾ ਉਦੋਂ ਲਿਆ ਗਿਆ ਹੈ, ਜਦੋਂ ਇਲਾਕੇ ਵਿਚ ਐਤਵਾਰ ਦੇ ਬਾਅਦ ਤੋਂ ਹੁਣ ਤੱਕ ਹੈਜ਼ਾ ਦੇ 12 ਮਰੀਜ਼ ਸਾਹਮਣੇ ਆਏ ਹਨ। ਮਹਾਨਗਰ ਦੇ ਸਿਹਤ ਵਿਭਾਗ ਦੇ ਮੁਖੀ ਬਲਰਾਜ ਤ੍ਰਿਪਾਠੀ ਨੇ ਕਿਹਾ, 'ਕਾਠਮੰਡੂ ਵਿਚ ਹੈਜਾ ਦੇ ਮਰੀਜ਼ਾਂ ਦੀ ਸੰਖਿਆ ਵਧਣ 'ਤੇ ਕੁੱਝ ਸਮੇਂ ਲਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਅਤੇ ਵੰਡ 'ਤੇ ਰੋਕ ਲਗਾ ਦਿੱਤੀ ਗਈ ਹੈ।'

ਕੇ.ਐੱਮ.ਸੀ. ਨੇ ਹੁਕਮ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਵੀ ਚਿਤਾਵਨੀ ਦਿੱਤੀ ਹੈ। ਬੀਤੇ ਹਫ਼ਤੇ ਲਲਿਤਪੁਰ ਮੈਟਰੋਪੋਲੀਟਨ ਸਿਟੀ ਨੇ ਮਹਾਨਗਰ ਵਿਚ ਗੋਲ-ਗੱਪੇ ਦੇ ਵਿਕਰੀ ਅਤੇ ਵੰਡ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਸ ਨੇ ਦਾਅਵਾ ਕੀਤਾ ਕਿ ਗੋਲ-ਗੱਪੇ ਵਿਚ ਇਸਤੇਮਾਲ ਹੋਣ ਵਾਲੇ ਪਾਣੀ ਵਿਚ ਹੈਜ਼ੇ ਦਾ ਬੈਕਟੀਰੀਆ ਪਾਇਆ ਗਿਆ ਹੈ। ਕੇ.ਐੱਮ.ਸੀ. ਨੇ ਖ਼ੁਰਾਕ ਤਕਨਾਲੋਜੀ ਅਤੇ ਗੁਣਵੱਤਾ ਕੰਟਰੋਲ ਵਿਭਾਗ ਨੂੰ ਸ਼ਹਿਰ ਭਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿਟ ਭੋਜਨ ਦੀ ਸਫ਼ਾਈ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਹੈਜ਼ਾ ਇੱਕ ਬੈਕਟੀਰੀਆ ਦੀ ਬਿਮਾਰੀ ਹੈ ਜੋ ਆਮ ਤੌਰ 'ਤੇ ਦੂਸ਼ਿਤ ਪਾਣੀ ਜ਼ਰੀਏ ਫੈਲਦੀ ਹੈ। ਇਹ ਬਿਮਾਰੀ ਗੰਭੀਰ ਦਸਤ ਅਤੇ ਡੀਹਾਈਡਰੇਸ਼ਨ ਦਾ ਕਾਰਨ ਬਣਦੀ ਹੈ। ਜੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਕੁਝ ਘੰਟਿਆਂ ਵਿੱਚ ਘਾਤਕ ਵੀ ਸਾਬਤ ਹੋ ਸਕਦਾ ਹੈ।
 


cherry

Content Editor

Related News