ਨੇਪਾਲ ਤੇ ਚੀਨ ਨੇ ਮਾਊਂਟ ਐਵਰੈਸਟ ਦੀ ਨਵੀਂ ਉਚਾਈ ਦਾ ਕੀਤਾ ਐਲਾਨ
Tuesday, Dec 08, 2020 - 04:13 PM (IST)
ਕਾਠਮੰਡੂ- ਨੇਪਾਲ ਅਤੇ ਚੀਨ ਨੇ ਵਿਸ਼ਵ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਮੰਗਲਵਾਰ ਨੂੰ ਸਾਂਝੇ ਤੌਰ 'ਤੇ ਜਾਰੀ ਕੀਤੀ, ਜੋ 8848.86 ਮੀਟਰ ਦੱਸੀ ਗਈ ਹੈ।
ਨੇਪਾਲ ਸਰਕਾਰ ਨੇ ਐਵਰੈਸਟ ਦੀ ਸਟੀਕ ਉਚਾਈ ਮਾਪਣ ਦਾ ਫ਼ੈਸਲਾ ਕੀਤਾ ਸੀ। ਐਵਰੈਸਟ ਦੀ ਉਚਾਈ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਬਹਿਸ ਹੋ ਰਹੀ ਸੀ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਮਾਪੀ ਗਈ ਉਚਾਈ ਤੋਂ 86 ਸੈਂਟੀਮੀਟਰ ਵੱਧ ਹੈ। ਭਾਰਤ ਸਰਵੇਖਣ ਦੁਆਰਾ 1954 ਵਿਚ ਕੀਤੇ ਗਏ ਮਾਪ ਦੇ ਅਨੁਸਾਰ ਇਸ ਦੀ ਉਚਾਈ 8848 ਮੀਟਰ ਮਾਪੀ ਗਈ ਸੀ।
ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਮਾਊਂਟ ਐਵਰੈਸਟ ਦੀ ਚੜ੍ਹਾਈ ਸਫਲਤਾਪੂਰਵਕ ਪੂਰੀ ਕਰਕੇ ਵੱਡੀ ਪ੍ਰਾਪਤੀ ਕਰਦੇ ਹਨ। ਭਾਰਤੀਆਂ ਸਣੇ ਕਈ ਦੇਸ਼ਾਂ ਦੇ ਲੋਕ ਇੱਥੇ ਆਉਂਦੇ ਹਨ, ਹਾਲਾਂਕਿ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਸਾਲ ਇਹ ਇੱਛਾ ਪੂਰੀ ਕਰਨ ਦੀ ਮਨਜ਼ੂਰੀ ਨਹੀਂ ਮਿਲ ਸਕੀ ਸੀ।