ਨੇਪਾਲ ਅਤੇ ਚੀਨ ਵਿਚਾਲੇ 8 ਅਹਿਮ ਸਮਝੌਤਿਆਂ 'ਤੇ ਹੋਏ ਦਸਤਖਤ

Wednesday, Jun 20, 2018 - 04:17 PM (IST)

ਨੇਪਾਲ ਅਤੇ ਚੀਨ ਵਿਚਾਲੇ 8 ਅਹਿਮ ਸਮਝੌਤਿਆਂ 'ਤੇ ਹੋਏ ਦਸਤਖਤ

ਬੀਜਿੰਗ— ਨੇਪਾਲ ਅਤੇ ਚੀਨ ਨੇ 2.24 ਅਰਬ ਡਾਲਰ ਦੇ 8 ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਪ੍ਰਾਪਤ ਰਿਪੋਰਟਾਂ ਮੁਤਾਬਕ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਬੁੱਧਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਮੌਜੂਦਗੀ 'ਚ ਇਨ੍ਹਾਂ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਬੀਜਿੰਗ 'ਚ ਨੇਪਾਲੀ ਦੂਤਘਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਨਿੱਜੀ ਕੰਪਨੀਆਂ ਵਿਚਾਲੇ ਇਨ੍ਹਾਂ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ।
ਨੇਪਾਲ ਅਤੇ ਚੀਨ ਨੇ ਪਣ-ਬਿਜਲੀ ਪ੍ਰਾਜੈਕਟ, ਸੀਮੇਂਟ ਉਦਯੋਗ ਅਤੇ ਫਲਾਂ ਦੀ ਕਾਸ਼ਤ ਅਤੇ ਖੇਤੀ ਸਮੇਤ ਕਈ ਅਹਿਮ ਖੇਤਰਾਂ ਵਿਚ ਸਹਿਯੋਗ ਕਰਨ ਨੂੰ ਲੈ ਕੇ ਇਨ੍ਹਾਂ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਸ ਮੌਕੇ ਨੇਪਾਲ ਅਤੇ ਚੀਨ ਦੇ ਵੱਖ-ਵੱਖ ਨਿਵੇਸ਼ਕਾਂ ਨੇ ਵੀ ਵੱਖ-ਵੱਖ ਸਮਝੌਤਿਆਂ 'ਤੇ ਦਸਤਖਤ ਕੀਤੇ। ਦੱਸਣਯੋਗ ਹੈ ਕਿ ਓਲੀ 5 ਦਿਨਾਂ ਚੀਨ ਦੇ ਦੌਰੇ 'ਤੇ ਆਏ ਹੋਏ ਹਨ। ਸੋਮਵਾਰ ਨੂੰ ਉਹ ਚੀਨ ਦੇ ਦੌਰੇ 'ਤੇ ਪੁੱਜੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਓਲੀ ਦਾ ਚੀਨ ਦਾ ਇਹ ਪਹਿਲਾ ਦੌਰਾ ਹੈ।


Related News