ਨੇਪਾਲ ਦੀ ਨਿੱਜੀ ਏਅਰਲਾਈਨ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੋਂ 255 ਕਿਲੋ ਮੀਟਰ ਦੂਰ ਲੈ ਪੁੱਜੀ
Sunday, Dec 20, 2020 - 11:10 PM (IST)
ਕਾਠਮੰਡੂ- ਨੇਪਾਲ ਵਿਚ ਜਨਕਪੁਰ ਜਾਣ ਲਈ ਇਕ ਜਹਾਜ਼ ਤੋਂ ਉਡਾਣ ਭਰਨ ਵਾਲੇ ਯਾਤਰੀ ਉਸ ਸਮੇਂ ਹੈਰਾਨੀ ਵਿਚ ਪੈ ਗਏ, ਜਦ ਉਹ ਪੋਖਰਾ ਪੁੱਜ ਗਏ ਅਤੇ ਇਹ ਸਥਾਨ ਉਨ੍ਹਾਂ ਦੀ ਮੰਜ਼ਲ ਤੋਂ 255 ਕਿਲੋਮੀਟਰ ਦੂਰ ਸੀ। ਮੀਡੀਆ ਵਿਚ ਐਤਵਾਰ ਨੂੰ ਆਈ ਇਕ ਖ਼ਬਰ ਵਿਚ ਇਹ ਜਾਣਕਾਰੀ ਮਿਲੀ।
'ਦਿ ਕਾਠਮੰਡੂ ਪੋਸਟ' ਦੀ ਖ਼ਬਰ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਬੁੱਧ ਏਅਰ ਤੋਂ ਯਾਤਰਾ ਕਰਨ ਵਾਲੇ 69 ਯਾਤਰੀਆਂ ਨਾਲ ਵਾਪਰੀ। ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਮੌਸਮ ਉਡਾਣ ਲਈ ਅਨੁਕੂਲ ਨਹੀਂ ਸੀ। ਇਸ ਲਈ ਏਅਰਲਾਈਨ ਕੰਪਨੀਆਂ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਜਹਾਜ਼ ਵਿਚ ਬੈਠਾਉਣ ਅਤੇ ਉਡਾਣ ਭਰਨ ਲਈ ਹਰ ਸੰਭਵ ਮੌਕੇ ਦੀ ਵਰਤੋਂ ਕਰ ਰਹੀਆਂ ਸਨ। ਖ਼ਬਰ ਮੁਤਾਬਕ ਬੁੱਧ ਏਅਰ ਦੀ ਉਡਾਣ ਯੂ4505 ਨੂੰ ਜਨਕਪੁਰ ਹਵਾਈ ਅੱਡੇ ਲਈ ਉਡਾਣ ਭਰਨ ਦੀ ਇਜਾਜ਼ਤ ਮਿਲੀ। ਯਾਤਰੀਆਂ ਨੂੰ ਜਹਾਜ਼ ਵਿਚ ਬਿਠਾਇਆ ਗਿਆ ਅਤੇ ਜਹਾਜ਼ ਨੇ ਉਡਾਣ ਭਰੀ ਅਤੇ ਉਸ ਦੇ ਜਨਕਪੁਰ ਪੁੱਜਣ ਦਾ ਅਨੁਮਾਨਤ ਸਮਾਂ ਦੁਪਹਿਰ ਸਵਾ ਤਿੰਨ ਵਜੇ ਸੀ। ਉਡਾਣ ਵਿਚ ਪਹਿਲਾਂ ਹੀ ਦੇਰੀ ਹੋ ਚੁੱਕੀ ਸੀ ਪਰ ਜਦ ਜਹਾਜ਼ ਉਤਰਿਆ ਤਾਂ ਇਹ ਉਸ ਦੀ ਮੰਜ਼ਲ ਦੀ ਬਜਾਏ ਪੋਖਰਾ ਹਵਾਈ ਅੱਡਾ ਸੀ।
ਸ਼ੁਰੂਆਤੀ ਰਿਪੋਰਟ ਮੁਤਾਬਕ ਮੌਸਮ ਨਾਲ ਜੁੜੇ ਕਾਰਣਾਂ ਦੇ ਚੱਲਦੇ ਪੋਖਰਾ ਲਈ ਉਡਾਣਾਂ ਨੂੰ ਦੁਪਹਿਰ ਤਿੰਨ ਵਜੇ ਤੱਕ ਦੀ ਇਜਾਜ਼ਤ ਸੀ। ਖ਼ਬਰ ਮੁਤਾਬਕ ਬੁੱਧ ਏਅਰ ਨੇ ਗੰਭੀਰ ਕਮੀਆਂ ਸਵਿਕਾਰ ਕੀਤੀਆਂ। ਇਸ ਦੇ ਪ੍ਰਬੰਧ ਨਿਰਦੇਸ਼ਕ ਬੀਰੇਂਦਰ ਬਹਾਦੁਰ ਬਾਸਨੇਟ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਹੈ।