ਮਾਊਂਟ ਐਵਰੈਸਟ ਪਰਬਤੀ ਚੋਟੀ ਪ੍ਰਦੂਸ਼ਣ ਤੇ ਗਰਮੀ ਦੀ ਚਪੇਟ ''ਚ
Wednesday, Jun 05, 2019 - 04:16 PM (IST)
ਕਾਠਮੰਡੂ (ਭਾਸ਼ਾ)— ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਅਤੇ ਇਸ ਦੇ ਆਲੇ-ਦੁਆਲੇ ਦੀਆਂ ਚੋਟੀਆਂ ਤੇਜ਼ੀ ਨਾਲ ਦੂਸ਼ਿਤ ਹੋ ਰਹੀਆਂ ਹਨ। ਇਹ ਚੋਟੀਆਂ ਗਰਮੀ ਦੀ ਚਪੇਟ ਵਿਚ ਆ ਰਹੀਆਂ ਹਨ ਜਿਸ ਨਾਲ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਨਾਲ ਭਵਿੱਖ ਵਿਚ ਚੜ੍ਹਨ ਵਾਲੇ ਪਰਬਤਾਰੋਹੀਆਂ ਨੂੰ ਜ਼ਿਆਦਾ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਅਮਰੀਕੀ ਵਿਗਿਆਨੀ ਨੇ ਮੰਗਲਵਾਰ ਨੂੰ ਇਹ ਗੱਲ ਕਹੀ।
ਵੈਸਟਰਨ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਆਲ ਨੇ ਐਵਰੈਸਟ ਖੇਤਰ ਵਿਚ ਕੁਝ ਹਫਤੇ ਬਿਤਾਉਣ ਦੇ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ। ਆਲ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਵਿਗਿਆਨੀਆਂ ਨੇ ਪਾਇਆ ਕਿ ਬਰਫ ਵਿਚ ਡੂੰਘਾਈ ਤੱਕ ਪ੍ਰਦੂਸ਼ਣ ਦੱਬਿਆ ਹੋਇਆ ਹੈ। ਆਲ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਕਿਹਾ ਕਿ ਇੱਥੇ ਜਿਹੜੀ ਬਰਫ ਹੈ ਉਹ ਪ੍ਰਦੂਸ਼ਕਾਂ ਨੂੰ ਘੇਰ ਕੇ ਹੇਠਾਂ ਵਾਲ ਲਿਜਾ ਰਹੀ ਹੈ। ਉਨ੍ਹਾਂ ਦੀ ਟੀਮ ਨੇ ਐਵਰੈਸਟ ਅਤੇ ਉਸ ਦੇ ਆਲੇ-ਦੁਆਲੇ ਦੀਆਂ ਚੋਟੀਆਂ 'ਤੇ ਅਧਿਐਨ ਕਰ ਕੇ ਇਹ ਨਤੀਜਾ ਕੱਢਿਆ।
ਆਲ ਨੇ ਇਹ ਵੀ ਪਾਇਆ ਕਿ ਇੱਥੋਂ ਦੇ ਗਲੇਸ਼ੀਅਰ ਪਿੱਛੇ ਵੱਲ ਹੱਟ ਰਹੇ ਹਨ ਅਤੇ ਉਨ੍ਹਾਂ ਦੀ ਬਰਫ ਘੱਟ ਰਹੀ ਹੈ। ਆਲ ਨੇ ਕਿਹਾ ਕਿ ਜਿਹੜੇ ਅੰਕੜੇ ਉਨ੍ਹਾਂ ਨੇ ਇਕੱਠੇ ਕੀਤੇ ਹਨ ਉਨ੍ਹਾਂ ਦਾ ਅਮਰੀਕਾ ਵਿਚ ਡੂੰਘਾ ਅਧਿਐਨ ਕੀਤਾ ਜਾਵੇਗਾ। ਆਲ ਨੇ ਇਸੇ ਤਰ੍ਹਾਂ ਦੀ ਸ਼ੋਧ 2009 ਵਿਚ ਵੀ ਕੀਤੀ ਸੀ। ਉਨ੍ਹਾਂ ਮੁਤਾਬਕ ਬੀਤੇ 10 ਸਾਲਾਂ ਵਿਚ ਪਰਬਤਾਂ ਵਿਚ ਬਹੁਤ ਤਬਦੀਲੀ ਹੋਈ ਹੈ।