ਨੇਪਾਲ ''ਚ ਆਕਸੀਜਨ ਦੀ ਕਮੀ ਨਾਲ 16 ਕੋਵਿਡ ਮਰੀਜ਼ਾਂ ਦੀ ਮੌਤ

Thursday, May 13, 2021 - 02:07 PM (IST)

ਨੇਪਾਲ ''ਚ ਆਕਸੀਜਨ ਦੀ ਕਮੀ ਨਾਲ 16 ਕੋਵਿਡ ਮਰੀਜ਼ਾਂ ਦੀ ਮੌਤ

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਆਕਸੀਜਨ ਦੀ ਕਮੀ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਕੋਵਿਡ-19 ਨਾਲ ਪੀੜਤ 16 ਮਰੀਜ਼ਾਂ ਦੀ ਮੌਤ ਹੋ ਗਈ। ਨੇਪਾਲ ਵਿਚ ਜਾਨਲੇਵਾ ਇਨਫੈਕਸ਼ਨ ਦੇ 4,13,111 ਮਾਮਲੇ ਸਾਹਮਣੇ ਆਏ ਹਨ ਜਦਕਿ 4084 ਲੋਕਾਂ ਦੀ ਮੌਤ ਹੋਈ ਹੈ। 'ਹਿਮਾਲਿਯਨ ਟਾਈਮਜ਼' ਦੀ ਖ਼ਬਰ ਮੁਤਾਬਕ ਸਰਕਾਰ ਨੇ ਬੁੱਧਵਾਰ ਨੂੰ ਨਿੱਜੀ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ 15 ਦਿਨ ਵਿਚ ਆਕਸੀਜਨ ਪਲਾਂਟ ਲਗਵਾ ਲੈਣ।

ਫ਼ੈਸਲੇ ਮੁਤਾਬਕ 100 ਬੈੱਡਾਂ ਤੋਂ ਵੱਧ ਦੀ ਸਮਰੱਥਾ ਵਾਲੇ ਸਾਰੇ ਹਸਪਤਾਲਾਂ ਨੂੰ ਆਪਣੇ ਆਕਸੀਜਨ ਪਲਾਂਟ ਲਗਵਾਉਣੇ ਹੋਣਗੇ ਅਤੇ ਸਰਕਾਰ ਇਸ ਸੰਬੰਧੀ ਜ਼ਰੂਰੀ ਸਹਿਯੋਗ ਦੇਵੇਗੀ। ਸਿਹਤ ਅਤੇ ਆਬਾਦੀ ਮੰਤਰਾਲੇ ਨੇ ਕਿਹਾ ਕਿ ਸਾਰੇ ਹਸਪਤਾਲਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਖੁਦ ਦੇ ਆਕਸੀਜਨ ਪਲਾਂਟ ਸਥਾਪਿਤ ਕਰੇ। ਮੰਤਰਾਲੇ ਦੇ ਬੁਲਾਰੇ ਡਾਕਟਰ ਜੋਗੇਸ਼ਵਰ ਗੌਤਮ ਨੇ ਕਿਹਾ,''ਕਈ ਨਿੱਜੀ ਹਸਪਤਾਲਾਂ ਨੇ ਅਜਿਹਾ ਨਹੀਂ ਕੀਤਾ ਹੈ ਅਸੀਂ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਪਲਾਂਟ ਸਥਾਪਿਤ ਕਰਨ ਵਿਚ ਉਹਨਾਂ ਦੀ ਮਦਦ ਕਰਾਂਗੇ।'' 

ਸਰਕਾਰ ਨੇ ਅਨੁਮਾਨ ਲਗਾਇਆ ਹੈ ਕਿ ਆਕਸੀਜਨ ਦੀ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਕਰੀਬ 15,000 ਆਕਸੀਜਨ ਸਿਲੰਡਰਾਂ ਦੀ ਲੋੜ ਹੈ। ਇਸ ਦੇ ਉਲਟ ਦੇਸ਼ ਵਿਚ ਸਿਰਫਲੱਗਭਗ 800 ਆਕਸੀਜਨ ਸਿਲੰਡਰ ਹਨ। ਮਹਾਮਾਰੀ ਨਾਲ ਨਜਿੱਠਣ ਲਈ ਇਕ ਸੀਨੀਅਰ ਸਰਕਾਰੀ ਬੌਡੀ ਕੋਵਿਡ-19 ਸੰਕਟ ਪ੍ਰਬੰਧਨ ਕੇਂਦਰ ਨੇ ਬੁੱਧਵਾਰ ਦੀ ਬੈਠਕ ਵਿਚ ਦੱਸਿਆ ਕਿ ਜੁਲਾਈ ਦੇ ਅਖੀਰ ਤੱਕ ਦੇਸ਼ ਨੂੰ 50,000 ਆਕਸੀਜਨ ਸਿਲੰਡਰਾਂ ਦੀ ਲੋੜ ਹੋ ਸਕਦੀ ਹੈ। ਖ਼ਬਰ ਮੁਤਾਬਕ ਬੁੱਧਵਾਰ ਨੂੰ ਕਾਠਮੰਡੂ ਘਾਟੀ ਦੇ ਕੁਝ ਸਰਕਾਰੀ ਹਸਪਤਾਲਾਂ ਨੇ ਕਿਹਾ ਕਿ ਉਹਨਾਂ ਕੋਲ ਹੁਣ ਕੋਵਿਡ ਰੋਗੀਆਂ ਦੇ ਇਲਾਜ ਲਈ ਆਕਸੀਜਨ ਦੀ ਸਪਲਾਈ ਨਹੀਂ ਹੈ ਪਰ ਉਹਨਾਂ ਕੋਲ ਆਕਸੀਜਨ ਭਰਨ ਲਈ ਲੋੜੀਂਦੇ ਸਿਲੰਡਰ ਹਨ। 'ਮਾਈ ਰਿਪਬਲਿਕਾ' ਨੇ ਬੁੱਧਵਾਰ ਨੂੰ ਖ਼ਬਰ ਦਿੱਤੀ ਹੈ ਕਿ ਕਾਠਮੰਡੂ ਘਾਟੀ ਵਿਚ ਘੱਟੋ-ਘੱਟ 12 ਹਸਪਤਾਲਾਂ ਨੇ ਆਕਸੀਜਨ ਦੀ ਕਮੀ ਦੇ ਕਾਰਨ ਕੋਵਿਡ-19 ਮਰੀਜ਼ਾਂ ਨੂੰ ਦਾਖਲ ਨਾ ਕਰਨ ਦੀ ਘੋਸ਼ਣਾ ਕੀਤੀ ਹੈ।'ਕਾਠਮੰਡੂ ਪੋਸਟ' ਨੇ ਖ਼ਬਰ ਦਿੱਤੀ ਹੈ ਕਿ ਰੂਪਨਦੇਹੀ ਜ਼ਿਲ੍ਹਾ ਵਿਚ ਆਕਸੀਜਨ ਦੀ ਕਮੀ ਕਾਰਨ ਤਿੰਨ ਹਸਪਤਾਲਾਂ ਵਿਚ ਬੁੱਧਵਾਰ ਨੂੰ ਕੋਵਿਡ ਪੀੜਤ  ਕੁੱਲ 16 ਮਰੀਜ਼ਾਂ ਦੀ ਮੌਤ ਹੋ ਗਈ।


author

Vandana

Content Editor

Related News