ਅਮਰੀਕਾ-ਪਾਕਿਸਤਾਨ ਸਬੰਧਾਂ ਨਾਲ ਦੋਵਾਂ ''ਚੋਂ ਕਿਸੇ ਵੀ ਦੇਸ਼ ਨੂੰ ਫ਼ਾਇਦਾ ਨਹੀਂ ਹੋਇਆ: ਜੈਸ਼ੰਕਰ

Monday, Sep 26, 2022 - 11:15 AM (IST)

ਅਮਰੀਕਾ-ਪਾਕਿਸਤਾਨ ਸਬੰਧਾਂ ਨਾਲ ਦੋਵਾਂ ''ਚੋਂ ਕਿਸੇ ਵੀ ਦੇਸ਼ ਨੂੰ ਫ਼ਾਇਦਾ ਨਹੀਂ ਹੋਇਆ: ਜੈਸ਼ੰਕਰ

ਵਾਸ਼ਿੰਗਟਨ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐੱਫ-16 ਲੜਾਕੂ ਜਹਾਜ਼ਾਂ ਲਈ ਪਾਕਿਸਤਾਨ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ 45 ਕਰੋੜ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਫੈਸਲੇ 'ਤੇ ਸਵਾਲ ਉਠਾਇਆ ਅਤੇ ਕਿਹਾ ਕਿ ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਦੋਵਾਂ ਵਿਚੋਂ ਕਿਸੇ ਵੀ ਦੇਸ਼ ਨੂੰ "ਕੋਈ ਫ਼ਾਇਦਾ ਨਹੀ" ਨਹੀਂ ਹੋਇਆ ਹੈ। ਭਾਰਤੀ-ਅਮਰੀਕੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ 'ਚ ਜੈਸ਼ੰਕਰ ਨੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਇਸ ਰਿਸ਼ਤੇ ਦਾ ਨਾ ਤਾਂ ਪਾਕਿਸਤਾਨ ਨੂੰ ਕੋਈ ਫਾਇਦਾ ਹੋਇਆ ਹੈ ਅਤੇ ਨਾ ਹੀ ਇਸ ਨਾਲ ਅਮਰੀਕਾ ਦੇ ਹਿੱਤਾਂ ਨੂੰ ਪੂਰਾ ਕਰਨ ਵਿਚ ਕੋਈ ਮਦਦ ਮਿਲੀ ਹੈ। ਇਸ ਲਈ ਹੁਣ ਅਮਰੀਕਾ ਨੂੰ ਸੱਚਮੁੱਚ ਸੋਚਣਾ ਚਾਹੀਦਾ ਹੈ ਕਿ ਇਸ ਸਬੰਧ ਦਾ ਕੀ ਫਾਇਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਕੀ ਮਿਲ ਰਿਹਾ ਹੈ।' ਅਮਰੀਕਾ ਨੇ ਦਲੀਲ ਦਿੱਤੀ ਸੀ ਕਿ ਅੱਤਵਾਦ ਦਾ ਮੁਕਾਬਲਾ ਕਰਨ ਲਈ ਐੱਫ-16 ਦੇ ਰੱਖ-ਰਖਾਅ ਲਈ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਮਰੀਕਾ ਦੀ ਦਲੀਲ ਦਾ ਹਵਾਲਾ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਐੱਫ-16 ਦਾ ਇਸਤੇਮਾਲ ਕਿੱਥੇ ਅਤੇ ਕਿਸ ਦੇ ਖਿਲਾਫ ਕੀਤਾ ਜਾਂਦਾ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਤੁਸੀਂ ਅਜਿਹੀਆਂ ਗੱਲਾਂ ਕਹਿ ਕੇ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ।' 

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਸਾਬਕਾ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕਣ ਦੇ ਫੈਸਲੇ ਨੂੰ ਬਦਲਦੇ ਹੋਏ 8 ਸਤੰਬਰ ਨੂੰ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਲਈ 45 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਅਮਰੀਕੀ ਸੰਸਦ ਨੂੰ ਦਿੱਤੇ ਨੋਟੀਫਿਕੇਸ਼ਨ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਉਸ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਲਈ ਸੰਭਾਵਿਤ ਵਿਦੇਸ਼ੀ ਫੌਜੀ ਵਿਕਰੀ (ਐੱਫ.ਐੱਮ.ਐੱਸ.) ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲਾ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਇਸਲਾਮਾਬਾਦ ਨੂੰ ਮੌਜੂਦਾ ਅਤੇ ਭਵਿੱਖ 'ਚ ਅੱਤਵਾਦ ਦੇ ਖਤਰਿਆਂ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਬਣਾਈ ਰੱਖਣ 'ਚ ਮਦਦ ਮਿਲੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਦੇ ਰੱਖ-ਰਖਾਅ ਲਈ ਪੈਕੇਜ ਦੇਣ ਦੇ ਅਮਰੀਕਾ ਦੇ ਫੈਸਲੇ 'ਤੇ ਭਾਰਤ ਦੀ ਤਰਫੋਂ ਚਿੰਤਾ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ: ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News