ਕੋਰੋਨਾ ਵਾਇਰਸ ਦੇ ਨੈਗੇਟਿਵ ਟੈਸਟ ਵਾਲੇ ਪਰਿਵਾਰ ਕਰ ਸਕਣਗੇ ਕੇਅਰ ਹੋਮਜ਼ ਦਾ ਦੌਰਾ
Wednesday, Dec 02, 2020 - 04:13 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਨੇ ਕੇਅਰ ਹੋਮਜ਼ ਵਿਚ ਰਹਿ ਰਹੇ ਵਸਨੀਕਾਂ ਨੂੰ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਵਿਛੋੜ ਦਿੱਤਾ ਸੀ ਕਿਉਂਕਿ ਪਾਬੰਦੀਆਂ ਕਰਕੇ ਪਰਿਵਾਰ ਦੇਖਭਾਲ ਘਰਾਂ 'ਚ ਜਾਣ ਦੇ ਅਯੋਗ ਸਨ। ਪਰ ਹੁਣ ਇੰਗਲੈਂਡ ਦੇ ਕੇਅਰ ਹੋਮਜ਼ ਵਿਚ ਰਹਿਣ ਵਾਲੇ ਲੋਕ ਕ੍ਰਿਸਮਸ ਤੱਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੁਲਾਕਾਤ ਕਰਨ ਦੇ ਯੋਗ ਹੋ ਜਾਣਗੇ। ਇਸ ਲਈਕੇਅਰ ਹੋਮ ਜਾਣ ਵਾਲਿਆਂ ਦਾ ਕੋਵਿਡ -19 ਲਈ ਨਕਾਰਾਤਮਕ ਟੈਸਟ ਕਰਨਾ ਜਰੂਰੀ ਹੈ।
ਇਸ ਮਕਸਦ ਲਈ ਅਗਲੇ ਮਹੀਨੇ ਲਗਭਗ ਇੱਕ ਮਿਲੀਅਨ ਤੋਂ ਵੱਧ ਕੋਰੋਨਾ ਵਾਇਰਸ ਟੈਸਟ ਕਿੱਟਾਂ ਕੇਅਰ ਹੋਮਜ਼ ਵਿਚ ਭੇਜੀਆਂ ਜਾਣਗੀਆ ਤਾਂ ਜੋ ਸੁਰੱਖਿਅਤ ਇਨਡੋਰ ਵਿਜ਼ਿਟ ਦੀ ਆਗਿਆ ਦਿੱਤੀ ਜਾ ਸਕੇ।ਇਹ ਨਵੀਂ ਯੋਜਨਾ ਸਾਰੇ ਟੀਅਰ ਪ੍ਰਣਾਲੀ ਦੇ ਪੱਧਰਾਂ ਵਿਚ ਮੁਲਾਕਾਤਾਂ ਦੀ ਆਗਿਆ ਦੇਵੇਗੀ। ਸਰਕਾਰ ਦੀ ਇਹ ਪਹਿਲ ਇੰਗਲੈਂਡ ਦੇ ਉਨ੍ਹਾਂ ਪਰਿਵਾਰਾਂ ਲਈ ਲਾਹੇਵੰਦ ਹੋਵੇਗੀ ਜੋ ਲੰਬੇ ਸਮੇਂ ਤੋਂ ਵਿੰਡੋਜ਼ ਜਾਂ ਵੀਡੀਓ ਕਾਲਾਂ 'ਤੇ ਗੱਲਬਾਤ ਕਰਨ ਦੀ ਬਜਾਏ ਕੇਅਰ ਹੋਮਜ਼ ਦੇ ਅੰਦਰ ਜਾ ਕੇ ਆਪਣੇ ਅਜ਼ੀਜ਼ਾਂ ਅਤੇ ਦੋਸਤਾਂ ਨੂੰ ਮਿਲਣ ਦੀ ਰਾਹ ਦੇਖ ਰਹੇ ਹਨ।