ਰੂਸੀ ਹਮਲੇ 'ਚ ਹੁਣ ਤੱਕ 40 ਦੇ ਕਰੀਬ ਲੋਕਾਂ ਦੀ ਮੌਤ : ਯੂਕ੍ਰੇਨ
Thursday, Feb 24, 2022 - 05:37 PM (IST)
ਕੀਵ (ਏਜੰਸੀ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਤੇ ਰੂਸੀ ਹਮਲਿਆਂ ‘ਚ ਹੁਣ ਤੱਕ ਕਰੀਬ 40 ਲੋਕ ਮਾਰੇ ਗਏ ਹਨ। ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਹਮਲੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਉਹਨਾਂ ਨੇ ਇਹ ਨਹੀਂ ਦੱਸਿਆ ਕੀ ਮਾਰੇ ਗਏ ਲੋਕਾਂ ਵਿੱਚ ਆਮ ਨਾਗਰਿਕ ਸ਼ਾਮਲ ਹਨ ਜਾਂ ਨਹੀਂ। ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨੀ ਅਧਿਕਾਰੀ ਦੇਸ਼ ਦੀ ਰੱਖਿਆ ਲਈ ਤਿਆਰ ਸਾਰੇ ਲੋਕਾਂ ਨੂੰ ਹਥਿਆਰ ਸੌਂਪਣਗੇ। ਰਾਸ਼ਟਰਪਤੀ ਨੇ ਕਿਹਾ ਕਿ ਯੂਕ੍ਰੇਨ ਦੇ ਲੋਕਾਂ ਦਾ ਭਵਿੱਖ ਹਰੇਕ ਯੂਕ੍ਰੇਨੀ 'ਤੇ ਨਿਰਭਰ ਕਰਦਾ ਹੈ। ਰਾਸ਼ਟਰਪਤੀ ਨੇ ਉਹਨਾਂ ਸਾਰੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜੋ ਦੇਸ਼ ਦੀ ਰੱਖਿਆ ਕਰ ਸਕਦੇ ਹਨ।
ਅੰਕਾਰਾ: ਤੁਰਕੀ ਵਿੱਚ ਯੂਕ੍ਰੇਨ ਦੇ ਰਾਜਦੂਤ ਨੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ ਨੂੰ ਆਪਣਾ ਹਵਾਈ ਖੇਤਰ ਬੰਦ ਕਰਨ ਅਤੇ ਕਾਲੇ ਸਾਗਰ ਦੇ ਪ੍ਰਵੇਸ਼ ਦੁਆਰ ਰੂਸੀ ਜਹਾਜ਼ਾਂ ਲਈ ਜਲਡਮਰੂਮੱਧ ਬੰਦ ਕਰਨ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਤੇ ਰੂਸ ਦੀ 'ਦੋਹਰੀ ਕਾਰਵਾਈ', ਸਾਈਬਰ ਹਮਲੇ 'ਚ ਸੈਂਕੜੇ ਕੰਪਿਊਟਰਾਂ ਨੂੰ ਬਣਾਇਆ ਨਿਸ਼ਾਨਾ
ਕੀਵ: ਯੂਕ੍ਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਕ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਉੱਤਰ, ਪੂਰਬ ਅਤੇ ਦੱਖਣ ਤੋਂ ਯੂਕਰੇਨ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਸਲਾਹਕਾਰ ਨੇ ਕਿਹਾ ਕਿ ਯੂਕ੍ਰੇਨ ਦੀ ਫ਼ੌਜ ਜਵਾਬੀ ਕਾਰਵਾਈ ਕਰ ਰਹੀ ਹੈ। ਪੋਡੋਲਿਕ ਨੇ ਵੀਰਵਾਰ ਨੂੰ ਕਿਹਾ ਕਿ ਸਾਡੀ ਫ਼ੌਜ ਜ਼ੋਰਦਾਰ ਢੰਗ ਨਾਲ ਲੜ ਰਹੀ ਹੈ, ਦੁਸ਼ਮਣ ਨੂੰ ਮਹੱਤਵਪੂਰਨ ਨੁਕਸਾਨ ਪਹੁੰਚਾ ਰਹੀ ਹੈ। ਰਾਸ਼ਟਰਪਤੀ ਜ਼ੇਲੇਂਸਕੀ ਦੇ ਇਕ ਹੋਰ ਸਲਾਹਕਾਰ ਏਰੇਸਟੋਵਿਚ ਨੇ ਕਿਹਾ ਕਿ ਰੂਸ ਨੇ ਹਵਾਈ ਅੱਡਿਆਂ ਅਤੇ ਕਈ ਹੋਰ ਫੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।