ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਹਾਲਤ ਬੇਹੱਦ ਗੰਭੀਰ: ਡਾਕਟਰ

01/23/2019 6:25:03 PM

ਲਾਹੌਰ— ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਦਿਲ ਸਬੰਧੀ ਦਿੱਕਤਾਂ ਦੇ ਕਾਰਨ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਡਾਕਟਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਲਾਹੌਰ 'ਚ 7 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਸ਼ਰੀਫ ਨੂੰ ਦਿਲ ਸਬੰਧੀ ਸਮੱਸਿਆਵਾਂ ਹੋਣ ਤੋਂ ਬਾਅਦ ਮੰਗਲਵਾਰ ਨੂੰ ਸਖਤ ਸੁਰੱਖਿਆ ਵਿਚਾਲੇ ਲਖਪਤ ਜੇਲ ਤੋਂ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡੀਓਲਾਜੀ ਲਿਜਾਇਆ ਗਿਆ। ਹਾਲਾਂਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਵਾਪਸ ਜੇਲ ਭੇਜ ਦਿੱਤਾ ਗਿਆ। ਪੰਜਾਬ ਇੰਸਟੀਚਿਊਟ ਆਫ ਕਾਰਡੀਓਲਾਜੀ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਰੀਫ ਦੀ ਹਾਲਤ ਜ਼ਿਆਦਾ ਗੰਭੀਰ ਨਹੀਂ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਦਿਲ ਸਬੰਧੀ ਸਮੱਸਿਆਵਾਂ ਦੇ ਚੱਲਦੇ ਉਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ।

ਦੂਜੇ ਪਾਸੇ ਸ਼ਰੀਫ ਦੇ ਕਾਰਡੀਓਲਾਜਿਸਟ ਅਦਨਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਦਾਖਲ ਕਰਾਇਆ ਜਾਣਾ ਚਾਹੀਦਾ ਹੈ। ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਦਾ ਇਲਾਜ ਜੇਲ 'ਚ ਮੁਮਕਿਨ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਦਿਲ ਸਬੰਧੀ ਸਮੱਸਿਆਵਾਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਸਹੀ ਤਰੀਕੇ ਨਾਲ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸ਼ਰੀਫ ਦੀ ਪਹਿਲਾਂ ਜਾਂਚ ਕਰਨ ਵਾਲੇ ਇਕ ਵਿਸ਼ੇਸ਼ ਮੈਡੀਕਲ ਬੋਰਡ ਨੇ ਵੀ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਦਾ ਸੁਝਾਅ ਦਿੱਤਾ ਸੀ ਪਰ ਸਰਕਾਰ ਨੇ ਉਨ੍ਹਾਂ ਦੇ ਸੁਝਾਅ 'ਤੇ ਗੌਰ ਨਹੀਂ ਕੀਤਾ।

ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਸ਼ਰੀਫ ਦੀ ਸਟ੍ਰੈੱਸ ਥੈਲੀਅਮ ਟੈਸਟ 'ਚ ਪੋਸਟ ਸਟ੍ਰੈਸ ਐੱਲਵੀ ਪੰਪ/ਕਾਨਟ੍ਰੈਕਸ਼ਨ 56 ਫੀਸਦੀ ਪਾਇਆ ਗਿਆ, ਜੋ ਕਿ ਲਗਭਗ ਆਮ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਦੇ ਦਿਲ 'ਚ ਖੂਨ ਦਾ ਪ੍ਰਵਾਹ ਕਿੰਨੇ ਚੰਗੇ ਤਰੀਕੇ ਨਾਲ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ਦਿਲ ਦੇ ਖੱਬੇ ਵੈਂਟ੍ਰੀਕਲ ਦਾ ਹੇਠਲਾ ਹਿੱਸਾ ਨੁਕਸਾਨਿਆ ਹੈ। ਸ਼ਰੀਫ ਦੀ ਬੇਟੀ ਮਰੀਅਮ ਨੇ ਪਿਤਾ ਦੀ ਹਾਲਤ 'ਤੇ ਚਿੰਤਾ ਵਿਅਕਤ ਕਰਦੇ ਹੋਏ ਟਵੀਟ ਕੀਤਾ ਕਿ ਮੇਰੇ ਪਿਤਾ ਦੇ ਨਾਲ ਕੀ ਹੋ ਰਿਹਾ ਹੈ ਮੇਰੇ ਕੋਲ ਇਹ ਜਾਨਣ ਦਾ ਇਕਲੌਤਾ ਸਰੋਤ ਮੀਡੀਆ ਹੈ। ਭਰਾ ਸ਼ਾਹਬਾਜ਼ ਸ਼ਰੀਫ ਨੇ ਸਰਕਾਰ ਨੂੰ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਰੀਫ ਦੀ ਜਾਂਚ ਕਰਨ ਵਾਲੇ ਇਕ ਵਿਸ਼ੇਸ਼ ਮੈਡੀਕਲ ਬੋਰਡ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ ਤੇ ਉਨ੍ਹਾਂ ਦੇ ਇਲਾਜ ਲਈ ਕੁਝ ਹੋਰ ਜਾਂਚ ਕੀਤੇ ਜਾਣ ਦੀ ਲੋੜ ਹੈ।


Baljit Singh

Content Editor

Related News