ਪੰਜਾਬੀ ਨੇ ਆਸਟ੍ਰੇਲੀਆ 'ਚ ਵੈਟਨਰੀ ਮੈਡੀਸਨ ਦੇ ਖੇਤਰ 'ਚ ਖੱਟਿਆ ਵੱਕਾਰੀ ਨਾਮਣਾ

10/05/2020 8:05:46 AM

ਲੁਧਿਆਣਾ ,(ਸਲੂਜਾ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਤੋਂ ਪੜ੍ਹੇ ਵਿਦਿਆਰਥੀ ਡਾ. ਨਵਨੀਤ ਢੰਡ ਨੂੰ ਵੈਟਨਰੀ ਮੈਡੀਸਨ ਦੇ ਖੇਤਰ ਵਿਚ ਖੋਜ ਸੰਬੰਧੀ ਮੋਹਰੀ ਥਾਪਿਆ ਗਿਆ ਹੈ।

ਇਹ ਜਾਣਕਾਰੀ 'ਅਸਟ੍ਰੇਲੀਆ ਦੀ ਵਿਸ਼ੇਸ਼ ਖੋਜ ਰਿਪੋਰਟ 2020' ਵਿਚ ਆਈ ਹੈ।ਇਹ ਖੋਜ ਰਿਪੋਰਟ ਆਸਟ੍ਰੇਲੀਆ ਦੀ ਅਖ਼ਬਾਰ 'ਦ ਅਸਟ੍ਰੇਲੀਅਨ' ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ਵਿਚ ਆਸਟ੍ਰੇਲੀਆ ਦੇ 255 ਵਿਗਿਆਨੀਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਖੇਤਰਾਂ ਵਿਚ ਮੋਹਰੀ ਹਨ।ਇਹ ਰਿਪੋਰਟ ਉਨ੍ਹਾਂ ਦੀਆਂ ਪਿਛਲੇ ਪੰਜ ਸਾਲ ਦੀਆਂ ਅੰਤਰ-ਰਾਸ਼ਟਰੀ ਖੋਜ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ। ਡਾ. ਢੰਡ ਇਸ ਵਕਤ ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿਖੇ ਸਹਿਯੋਗੀ ਪ੍ਰੋਫੈਸਰ ਦੇ ਤੌਰ 'ਤੇ ਸੇਵਾ ਦੇ ਰਹੇ ਹਨ।

ਉਹ ਮਹਾਮਾਰੀ ਬੀਮਾਰੀਆਂ ਸੰਬੰਧੀ ਖੋਜ ਕਰਨ ਵਾਲੀ ਇਕ ਉੱਘੀ ਸੰਸਥਾ ਦੇ ਨਿਰਦੇਸ਼ਕ ਵੀ ਹਨ ਜਿਸ ਨਾਲ ਕਿ 11 ਮੁਲਕਾਂ ਦੇ ਵਿਗਿਆਨੀ ਜੁੜੇ ਹੋਏ ਹਨ।ਇਸ ਸੰਸਥਾ ਵਿਚ ਵਿਸ਼ਵ ਪੱਧਰੀ 40 ਵਿਗਿਆਨੀ ਕੰਮ ਕਰ ਰਹੇ ਹਨ ਜੋ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਮੁਲਕਾਂ ਨਾਲ ਸੰਬੰਧਿਤ ਹਨ।ਇਹ ਵਿਗਿਆਨੀ ਵਿਸ਼ਵ ਸਿਹਤ ਸੰਸਥਾ, ਯੂ. ਐੱਨ. ਓ. ਅਤੇ ਅਮਰੀਕਾ ਤੇ ਬੀਮਾਰੀ ਨਿਯੰਤਰਣ ਕੇਂਦਰ ਨਾਲ ਵੀ ਕਾਰਜ ਕਰਦੇ ਹਨ। ਇਸ ਸੰਸਥਾ ਦਾ ਪ੍ਰਮੁੱਖ ਕਾਰਜ ਪਸ਼ੂ ਸਿਹਤ ਵਿਚ ਕੰਮ ਕਰਨ ਵਾਲੇ ਮਨੁੱਖੀ ਸਾਧਨਾਂ ਨੂੰ ਨਵੇਂ ਢੰਗ ਨਾਲ ਸਿੱਖਿਅਤ ਕਰਨਾ ਹੈ।ਡਾ. ਢੰਡ ਦੀਆਂ ਇਨ•ਾਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਨਾਮੀ ਰਸਾਲੇ 'ਵੈਟਨਰੀ ਪ੍ਰੈਕਟਿਸ ਮੈਗਜ਼ੀਨ' ਨੇ ਵੀ ਉਨ੍ਹਾਂ ਸੰਬੰਧੀ ਵਿਸ਼ੇਸ਼ ਕਹਾਣੀ ਪ੍ਰਕਾਸ਼ਿਤ ਕੀਤੀ ਹੈ।ਜਿਸ ਵਿਚ ਉਨ੍ਹਾਂ ਦੇ ਪੇਸ਼ੇਵਰ ਜੀਵਨ ਅਤੇ ਉਨ੍ਹਾਂ ਦੀਆਂ ਵਿਗਿਆਨਕ ਅਤੇ ਖੋਜੀ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਕਿਹਾ ਕਿ ਇਹ ਸਾਡੇ ਵਾਸਤੇ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਪੁਰਾਣੇ ਵਿਦਿਆਰਥੀ ਨੂੰ ਆਸਟ੍ਰੇਲੀਆ ਵਿਚ ਬਤੌਰ ਵੈਟਨਰੀ ਵਿਗਿਆਨੀ ਉੱਘਾ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਨੇ ਵਿਸ਼ਵ ਪੱਧਰ 'ਤੇ ਕਈ ਨਾਮੀ ਵਿਗਿਆਨੀ ਦਿੱਤੇ ਹਨ ਜੋ ਕਿ ਬਹੁਤ ਅਹਿਮ ਅਹੁਦਿਆਂ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਵਿਚ ਸੇਵਾ ਨਿਭਾ ਰਹੇ ਹਨ।ਡਾ. ਨਵਨੀਤ ਢੰਡ ਦੀ ਇਸ ਮਹੱਤਵਪੂਰਣ ਚੋਣ ਨਾਲ ਇਹ ਸਥਾਪਿਤ ਹੁੰਦਾ ਹੈ ਕਿ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਦੀਆਂ ਸਰਵਉੱਤਮ ਸੰਸਥਾਵਾਂ ਵਿਚ ਸ਼ੁਮਾਰ ਹੈ।


Lalita Mam

Content Editor

Related News